ਯੋਗੀ ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਤੇ ਜ਼ਖ਼ਮੀਆਂ ਨੂੰ 2-2 ਲੱਖ ਰੁਪਏ ਮੁਆਵਜੇ ਦਾ ਐਲਾਨ

ਵਾਰਾਣਸੀ (ਉੱਤਰ ਪ੍ਰਦੇਸ਼), 15 ਮਈ (ਹਮਦਰਦ ਨਿਊਜ਼ ਸਰਵਿਸ) : ਇਸ ਵੇਲੇ ਯੂਪੀ ਤੋਂ ਇੱਕ ਦੁਖਦਾਈ ਖ਼ਬਰ ਆ ਰਹੀ ਹੈ, ਜਿੱਥੇ ਨਿਰਮਾਣ ਅਧੀਨ ਪੁਲ ਦਾ ਵੱਡਾ ਹਿੱਸਾ ਡਿੱਗਣ ਕਾਰਨ 16 ਲੋਕਾਂ ਦੀ ਮੌਤ ਹੋ ਗਈ ਅਤੇ 50 ਤੋਂ ਵੱਧ ਲੋਕਾਂ ਦੇ ਮਲਬੇ ਵਿੱਚ ਦਬੇ ਹੋਣ ਦੀ ਸੂਚਨਾ ਹੈ। ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਹਾਦਸੇ ਉੱਤੇ ਦੁਖ ਜਤਾਉਂਦੇ ਹੋਏ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਦੇ ਹੁਕਮ ਦਿੱਤੇ। ਰਾਜ ਸਰਕਾਰ ਨੇ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਅਤੇ ਜ਼ਖ਼ਮੀ ਹੋਏ ਲੋਕਾਂ ਨੂੰ 2-2 ਲੱਖ ਰੁਪਏ ਮੁਆਵਜੇ ਦਾ ਐਲਾਨ ਕੀਤਾ ਹੈ। ਵਾਰਾਣਸੀ ਦੇ ਕੈਂਟ ਖੇਤਰ ਵਿੱਚ ਫਲਾਈਓਵਰ ਦਾ ਨਿਰਮਾਣ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਮੰਗਲਵਾਰ ਸ਼ਾਮ ਅਚਾਨਕ ਇਸ ਪੁਲ ਦਾ ਇੱਕ ਹਿੱਸਾ ਟੁੱਟ ਕੇ ਹੇਠ ਡਿੱਗ ਗਿਆ। ਇਸ ਦੇ ਹੇਠ ਖੜੀਆਂ ਗੱਡੀਆਂ ਸਮੇਤ ਕਈ ਲੋਕ ਮਲਬੇ ਹੇਠ ਦਬ ਗਏ। ਹੁਣ ਤੱਕ 16 ਲੋਕਾਂ ਦੀ ਮੌਤ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ, ਜਦਕਿ ਕਈ ਲੋਕ ਹੁਣ ਵੀ ਮਲਬੇ ਵਿੱਚ ਦਬੇ ਹੋਏ ਹਨ। ਮਲਬੇ ਦੇ ਹੇਠ ਕਾਰਾਂ, ਆਟੋ ਅਤੇ ਮੋਟਰਸਾਈਕਲਾਂ ਸਮੇਤ ਕਈ ਵਾਹਨ ਦਬੇ ਹਨ, ਜਿਨ੍ਹਾਂ ਵਿੱਚ ਲੋਕ ਹੋ ਸਕਦੇ ਹਨ।

ਉੱਤਰ ਪ੍ਰਦੇਸ਼ ਪੁਲਿਸ ਦੇ ਡੀਜੀਪੀ ਓਪੀ ਸਿੰਘ ਨੇ ਦੱਸਿਆ ਕਿ ਤੁਰੰਤ ਬਚਾਅ ਟੀਮ ਨੂੰ ਭੇਜ ਕੇ ਲੋਕਾਂ ਨੂੰ ਮਲਬੇ ਵਿੱਚੋਂ ਬਾਹਰ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਐਨਡੀਆਰਐਫ ਅਤੇ ਐਸਡੀਆਰਐਫ ਦੀਆਂ ਟੀਮਾਂ ਹਾਦਸੇ ਵਿੱਚ ਬਚਾਅ ਲਈ ਪਹੁੰਚ ਗਈਆਂ ਅਤੇ ਲੋਕਾਂ ਨੂੰ ਕੱਢਣ ਦੇ ਕੰਮ ਵਿੱਚ ਜੁਟ ਗਈਆਂ।

ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਵੀ ਹਾਦਸੇ ਉੱਤੇ ਸ਼ੋਕ ਪ੍ਰਗਟ ਕਰਦੇ ਹੋਏ ਜਿਲ੍ਹਾ ਪ੍ਰਸ਼ਾਸਨ ਨੂੰ ਤੇਜੀ ਨਾਲ ਬਚਾਅ ਕਾਰਜ ਕਰਨ ਅਤੇ ਲੋਕਾਂ ਦੀ ਹਰ ਸੰਭਵ ਮਦਦ ਕਰਨ ਦੇ ਹੁਕਮ ਦਿੱਤੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਦੇ ਹੋਏ ਮਲਬੇ ਵਿੱਚ ਦਬੇ ਲੋਕਾਂ ਨੂੰ ਜਲਦ ਤੋਂ ਜਲਦ ਬਾਹਰ ਕੱਢਣ ਲਈ ਕਿਹਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਹਾਦਸੇ ਬਾਰੇ ਮੁੱਖ ਮੰਤਰੀ ਯੋਗੀ ਨਾਲ ਗੱਲ ਕੀਤੀ। ਮੋਦੀ ਨੇ ਟਵੀਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨਾਲ ਪੁਲ ਹਾਦਸੇ ਬਾਰੇ ਗੱਲ ਕੀਤੀ ਅਤੇ ਬਚਾਅ ਕਾਰਜਾਂ ਵਿੱਚ ਤੇਜੀ ਲਿਆਉਣ ਲਈ ਕਿਹਾ ਹੈ।

ਹੋਰ ਖਬਰਾਂ »