ਪੰਚਕੂਲਾ, 16 ਮਈ (ਹ.ਬ.) : ਪੰਚਕੂਲਾ ਵਿਚ 25 ਅਗਸਤ 2017 ਨੂੰ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਸਿੰਘ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਦੇ ਬਾਅਦ ਹੋਈ ਹਿੰਸਾ ਦੇ ਮਾਮਲੇ ਵਿਚ ਮੰਗਲਵਾਰ ਨੂੰ ਪੰਚਕੂਲਾ ਕੋਰਟ ਵਿਚ  ਹਨਪ੍ਰੀਤ ਸਮੇਤ ਹੋਰਾਂ ਮੁਲਜ਼ਮ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਪੇਸ਼ ਹੋਏ। ਸੁਣਵਾਈ ਦੇ ਦੌਰਾਨ ਬਚਾਅ ਧਿਰ ਨੇ ਟਰਾਂਸਕ੍ਰਿਪਸ਼ਨ ਦੀ ਸੀਡੀ ਨਾ ਮਿਲਣ ਦੀ ਗੱਲ ਕਹੀ। ਇਸ ਲਈ ਮੰਗਲਵਾਰ ਨੂੰ ਬਹਿਸ ਸ਼ੁਰੂ ਨਹੀਂ ਕੀਤੀ ਗਈ। ਬਚਾਅ ਧਿਰ ਵਲੋਂ ਸੁਰੇਸ਼ ਰੋਹਿਲਾ ਨੇ ਕਿਹਾ ਕਿ ਐਸਆਈਟੀ ਵਲੋਂ ਉਨ੍ਹਾਂ ਟਰਾਂਸਕ੍ਰਿਪਸ਼ਨ ਦੀ ਸੀਡੀ ਸਾਨੂੰ ਨਹੀਂ ਦਿੱਤੀ ਗਈ ਹੈ। ਐਸਆਈਟੀ ਦੁਆਰਾ ਹਾਲ ਹੀ ਵਿਚ 8 ਹੋਰ ਮੁਲਜ਼ਮਾਂ ਦੇ ਖ਼ਿਲਾਫ਼ ਜੋ ਸਪਲੀਮੈਂਟਰੀ ਚਾਲਾਨ ਦਾਖ਼ਲ  ਕੀਤਾ ਸੀ ਉਸ 'ਤੇ ਬਹਿਸ ਸ਼ੁਰੂ ਹੋਣੀ ਹੈ। ਹਨੀਪ੍ਰੀਤ ਸਮੇਤ ਸਾਰੇ ਮੁਲਜ਼ਮਾਂ ਨੂੰ ਪਹਿਲਾਂ ਚਾਰਜਸ਼ੀਟ ਦੀ ਕਾਪੀ ਦਿੱਤੀ ਜਾ ਚੁੱਕੀ ਹੈ। ਮਾਮਲੇ ਦੀ ਅਗਲੀ ਸੁਣਵਾਈ ਹੁਣ 5 ਜੂਨ ਨੂੰ ਹੋਵੇਗੀ। 
ਕੋਰਟ ਵਲੋਂ ਹਨੀਪ੍ਰੀਤ ਅਤੇ ਹੋਰਾਂ ਦੋਸ਼ ਤੈਅ ਕੀਤੇ ਜਾਣੇ ਸਨ। ਪੁਲਿਸ ਵਲੋਂ ਕੋਰਟ ਵਿਚ ਦਾਖ਼ਲ ਚਾਰਜਸ਼ੀਟ ਵਿਚ ਹਨੀਪ੍ਰੀਤ  'ਤੇ ਧਾਰਾ 150, 153, 121, 121ਏ, 120ਬੀ ਲਗਾਈ ਹੈ ਜਦ ਕਿ ਸੁਰਿੰਦਰ ਧੀਮਾਨ, ਦਾਨ ਸਿੰਘ, ਚਮਕੌਰ ਸਿੰਘ, ਗੋਬਿੰਦ ਰਾਮ, ਛਿੰਦਰਪਾਲ, ਗੋਪਾਲ ਕਿਸ਼ਨ, ਵੇਦ ਪ੍ਰਕਾਸ਼, ਡਾ. ਪਵਨ ਇੰਸਾਂ, ਭੀਮਸੇਨ, ਰਾਜ ਕੁਮਾਰ, ਰਣਵੀਰ ਸਿੰਘ 'ਤੇ ਧਾਰਾ 145, 146, 150, 151, 152, 153, 121, 121ਏ, 120ਬੀ ਲਗਾਈ ਹੈ।  ਡਾ. ਦਲਜੀਤ ਸਿੰਘ, ਪ੍ਰਦੀਪ ਗੋਇਲ, ਦਿਲਾਵਰ 'ਤੇ ਧਾਰਾ 121, 121ਏ, 120ਬੀ ਲਾਈ ਹੈ। ਬਚਾਅ ਧਿਰ ਦੀ ਦਲੀਲ ਦੇ ਚਲਦਿਆਂ ਮੰਗਲਵਾਰ ਨੂੰ ਇਨ੍ਹਾਂ 'ਤੇ ਕੋਈ ਦੋਸ਼ ਤੈਅ ਨਹੀਂ ਹੋ ਸਕਿਆ। 

ਹੋਰ ਖਬਰਾਂ »