ਫਿਦਾਇਨ ਹਮਲੇ ਦਾ ਖ਼ਤਰਾ, ਅਲਰਟ ਜਾਰੀ

ਸ੍ਰੀਨਗਰ/ਨਵੀਂ ਦਿੱਲੀ, 1 ਜੂਨ (ਹਮਦਰਦ ਨਿਊਜ਼ ਸਰਵਿਸ) : ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਹਮਲੇ ਦਾ ਅਲਰਟ ਜਾਰੀ ਕੀਤਾ ਗਿਆ ਹੈ। ਖੁਫੀਆ ਸੂਤਰਾਂ ਮੁਤਾਬਕ ਅਗਲੇ ਦੋ-ਤਿੰਨ ਦਿਨਾਂ ਵਿੱਚ ਸੂਬੇ ਵਿੱਚ ਸੁਰੱਖਿਆ ਦਸਤਿਆਂ ਉਤੇ ਅੱਤਵਾਦੀ ਹਮਲਾ ਹੋ ਸਕਦਾ ਹੈ। ਰਿਪੋਰਟ ਮੁਤਾਬਕ ਜੰਮੂ-ਕਸ਼ਮੀਰ ਵਿੱਚ ਪਾਕਿਸਤਾਨ ਦੇ ਕਬਜੇ ਵਾਲੇ ਕਸ਼ਮੀਰ ਤੋਂ ਲਗਭਗ 20 ਅੱਤਵਾਦੀ ਭਾਰਤ ਵਿੱਚ ਦਾਖ਼ਲ ਹੋ ਚੁੱਕੇ ਹਨ। ਇਸ ਖ਼ਬਰ ਮਗਰੋਂ ਰਾਜਧਾਨੀ ਦਿੱਲੀ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ। ਸੁਰੱਖਿਆ ਏਜੰਸੀਆਂ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਅੱਤਵਾਦੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਹਨ। ਆਉਣ ਵਾਲੇ 2-3 ਦਿਨਾਂ ਵਿੱਚ ਫੌਜ ਜਾਂ ਉਸ ਦੇ ਟਿਕਾਣਿਆਂ ਉੱਤੇ ਫਿਦਾਇਨ ਹਮਲੇ ਕੀਤੇ ਜਾਣ ਦਾ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ। ਇਸ ਤੋਂ ਬਿਨਾ ਸੁਰੱਖਿਆ ਦਸਤਿਆਂ ਨੇ ਇਹ ਵੀ ਸ਼ੱਕ ਜਾਹਰ ਕੀਤਾ ਹੈ ਕਿ ਇਹ ਹਮਲਾ ਹਿਟ ਐਂਡ ਰਨ ਕਿਸਮ ਦਾ ਹੋ ਸਕਦਾ ਹੈ।

ਦੱਸ ਦੇਈਏ ਕਿ ਰਮਜਾਨ ਦੇ ਮਹੀਨੇ ਵਿੱਚ ਭਾਰਤ ਸਰਕਾਰ ਦੀ ਨਰਮੀ ਦੇ ਐਲਾਨ ਤੋਂ ਬਾਅਦ ਅੱਤਵਾਦੀ ਗਤੀਵਿਧੀ ਲਗਾਤਾਰ ਵਧਦੀ ਜਾ ਰਹੀ ਹੈ। ਬੁੱਧਵਾਰ ਨੂੰ ਹੀ ਫੌਜ ਦੇ ਗਸ਼ਤੀ ਦਲ ਉੱਤੇ ਹਮਲਾ ਕਰਨ ਵਾਲੇ ਦੋ ਅੱਤਵਾਦੀਆਂ ਨੂੰ ਐਨਕਾਉਂਟਰ ਵਿੱਚ ਢੇਰ ਕੀਤਾ ਗਿਆ ਸੀ। ਘੁਸਪੈਠ ਕਰਨ ਵਾਲੇ ਜਿਆਦਾਤਰ ਅੱਤਵਾਦੀ ਜੈਸ਼-ਏ-ਮੁਹੰਮਦ ਨਾਲ ਸਬੰਧ ਰੱਖਣ ਵਾਲੇ ਦੱਸੇ ਜਾ ਰਹੇ ਹਨ।

ਪਠਾਨਕੋਟ ਅਤੇ ਸੁੰਜਵਾਨ ਹਮਲਿਆਂ ਤੋਂ ਸਬਕ ਲੈਂਦੇ ਹੋਏ ਫੌਜ ਨੇ ਇਸ ਵਾਰ ਕੋਈ ਗ਼ਲਤੀ ਨਾ ਕਰਨ ਦਾ ਫੈਸਲਾ ਲਿਆ ਹੈ ਅਤੇ ਸਾਰੀਆਂ ਪੈਟਰੋਲਿੰਗ ਪਾਰਟੀਆਂ ਅਤੇ ਚੌਕੀਆਂ ਦੇ ਨਾਲ-ਨਾਲ ਫੌਜ ਦੇ ਵੱਡੇ ਟਿਕਾਣਿਆਂ ਨੂੰ ਵੀ ਅਲਰਟ ਉੱਤੇ ਰੱਖਿਆ ਗਿਆ ਹੈ। ਸੰਭਾਵਨਾ ਹੈ ਕਿ ਕੋਈ ਅੱਤਵਾਦੀ ਹਮਲਾ ਕਰਕੇ ਭੱਜਣ ਜਾਂ ਫਿਰ ਆਤਮਘਾਤੀ ਹਮਲੇ ਦੀ ਕੋਸ਼ਿਸ਼ ਕਰ ਸਕਦਾ ਹੈ।

ਹੋਰ ਖਬਰਾਂ »