ਪਟਿਆਲਾ, 3 ਜੂਨ (ਹਮਦਰਦ ਨਿਊਜ਼ ਸਰਵਿਸ) : ਵਿਦੇਸ਼ਾਂ ਵਿਚ ਪੰਜਾਬੀਆਂ ਨਾਲ ਆਏ ਦਿਨ ਨਵੀਆਂ-ਨਵੀਆਂ ਘਟਨਾਵਾਂ ਵਾਪਰ ਰਹੀਆਂ ਹਨ। ਜਿਸ ਦੀ ਤਾਜਾ ਮਿਸਾਲ ਸਾਹਮਣੇ ਆਈ ਹੈ ਨਾਭਾ ਬਲਾਕ ਦੇ ਪਿੰਡ ਸਾਧੋਹੇੜੀ ਵਿਖੇ ਜਿੱਥੇ ਕਿਸਾਨ ਬਲਜਿੰਦਰ ਸਿੰਘ ਸੁਢੀ (46 ਸਾਲ) ਸਾਊਦੀ ਅਰਬ ਦੇ ਰਿਯਾਦ ਸ਼ਹਿਰ ਵਿਚ 2 ਸਾਲ ਪਹਿਲਾਂ ਕਿਸੇ ਪ੍ਰਾਈਵੇਟ ਕੰਪਨੀ ਵਿਚ ਕੰਮ ਕਰਨ ਲਈ ਗਿਆ ਸੀ ਤੇ ਸਾਊਦੀ ਅਰਬ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।

ਬਲਜਿੰਦਰ ਦੇ ਦੋ ਬੱਚੇ ਹਨ, ਜਿਨ੍ਹਾਂ ਦੀ ਵਧੀਆ ਉਚੇਰੀ ਸਿੱਖਿਆ ਦੇ ਮਕਸਦ ਨਾਲ ਉਹ ਬਾਹਰ ਗਿਆ ਸੀ, ਪਰ ਉਸ ਨੂੰ ਨਹੀਂ ਸੀ ਪਤਾ ਕੀ ਜਿਸ ਬਿਮਾਰੀ ਕਾਰਨ ਉਹ ਸੰਘਰਸ਼ ਕਰ ਰਿਹਾ ਹੈ ਉਹ ਬਿਮਾਰੀ ਹੀ ਉਸ ਨੂੰ ਦੋਸ਼ੀ ਬਣਾ ਦੇਵੇਗੀ। ਬਲਜਿੰਦਰ ਸਿੰਘ ਕਈ ਸਾਲਾਂ ਤੋਂ ਮਿਰਗੀ ਦੀ ਬਿਮਾਰੀ ਤੋਂ ਪੀੜਤ ਸੀ ਅਤੇ ਉਹ ਅਕਸਰ ਹੀ ਘਰੋਂ ਦਵਾਈ ਕੋਰੀਅਰ ਰਾਹੀਂ ਮਗਵਾ ਲੈਂਦਾ ਸੀ। ਇਸ ਦੌਰਾਨ ਜਦੋਂ ਇੱਕ ਵਾਰ ਦਵਾਈ ਖਤਮ ਹੋਣ ਕੰਢੇ ਸੀ ਤਾਂ ਉਸ ਦਾ ਦੋਸਤ ਕਰਨੈਲ ਸਿੰਘ ਪੰਜਾਬ ਵਿਚ ਛੁੱਟੀ ਉੱਤੇ ਆਇਆ ਸੀ ਅਤੇ ਪਰਿਵਾਰ ਨੇ ਕਰਨੈਲ ਸਿੰਘ ਦੇ ਜਰੀਏ ਹੀ ਦਵਾਈ ਸਾਊਦੀ ਅਰਬ ਭੇਜ ਦਿੱਤੀ। ਇਹ ਦਵਾਈ ਦਿੱਲੀ ਅੰਬੈਸੀ ਨੇ ਪਾਸ ਕਰਕੇ ਅੱਗੇ ਭੇਜ ਦਿੱਤੀ ਅਤੇ ਸਾਊਦੀ ਅਰਬ ਅੰਬੈਸੀ ਨੇ ਕਰਨੈਲ ਸਿੰਘ ਨੂੰ ਦਵਾਈ ਸਮੇਤ ਗ੍ਰਿਫਤਾਰ ਕਰ ਲਿਆ। ਨਾਲ ਹੀ ਬਲਜਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਕੋਰਟ ਨੇ ਦੋਨਾ ਨੂੰ 6-6 ਮਹੀਨੇ ਦੀ ਸਜਾ ਸੁਣਾ ਦਿੱਤੀ। ਭਾਵੇਂ ਕਿ ਅਦਾਲਤ ਨੇ ਉਹਨਾ ਨੂੰ ਆਰਜੀ ਤੌਰ ’ਤੇ ਜ਼ਮਾਨਤ ਦੇ ਦਿੱਤੀ ਪਰ ਤਲਵਾਰ ਉਨ੍ਹਾਂ ’ਤੇ ਅਜੇ ਵੀ ਲਟਕ ਰਹੀ ਹੈ। ਬਲਜਿੰਦਰ ਸਿੰਘ ਨੇ ਚੈਨਲ ਦੀ ਟੀਮ ਨਾਲ ਵੀਡੀਓ ਕਾਲ ਕਰਕੇ ਆਪਣੇ ਨਾਲ ਹੱਡ ਬੀਤੀ ਸੁਣਾਈ ਅਤੇ ਭਾਰਤ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ। ਦੂਜੇ ਪਾਸੇ ਪਰਿਵਾਰ ਵਾਲਿਆ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ।

ਇਸ ਮੌਕੇ ਬਲਜਿੰਦਰ ਸਿੰਘ ਦੀ ਪਤਨੀ ਖੁਸਦੀਪ ਕੌਰ ਅਤੇ ਬਲਜਿੰਦਰ ਸਿੰਘ ਦੇ ਪਿਤਾ ਜਰਨੈਲ ਸਿੰਘ ਨੇ ਕਿਹਾ ਕਿ ਬਲਜਿੰਦਰ ਸਿੰਘ ਕਈ ਸਾਲਾ ਤੋ ਮਿਰਗੀ ਦੇ ਦੌਰੇ ਦੀ ਦਵਾਈ ਖਾ ਰਿਹਾ ਸੀ ਅਤੇ ਸਾਊਦੀ ਅਰਬ ਦੋਸਤ ਦੇ ਜਰੀਏ ਦਵਾਈ ਭੇਜੀ ਤਾਂ ਬਲਜਿੰਦਰ ਸਿੰਘ ਅਤੇ ਉਸ ਦੇ ਦੋਸਤ ਨੂੰ 6-6 ਮਹੀਨੇ ਦੀ ਸਜਾ ਸੁਣਾ ਦਿੱਤੀ। ਉਨ੍ਹਾਂ ਨੇ ਮੰਗ ਕਰਦਿਆਂ ਕਿਹਾ ਕਿ ਘਰ ਵਿਚ ਕੇਵਲ ਬਲਜਿੰਦਰ ਸਿੰਘ ਹੀ ਕਮਾਉਣ ਵਾਲਾ ਹੈ ਅਤੇ ਸਰਕਾਰ ਤੋਂ ਅਸੀ ਮਦਦ ਦੀ ਅਪੀਲ ਕਰਦੇ ਹਾਂ।

ਹੋਰ ਖਬਰਾਂ »