ਵਾਸ਼ਿੰਗਟਨ, 5 ਜੂਨ (ਹ.ਬ.) : ਅਮਰੀਕਾ ਵਿਚ 2016 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਰੂਸੀ ਦਖ਼ਲ ਦੇ ਮਾਮਲੇ ਵਿਚ ਡੋਨਾਲਡ ਟਰੰਪ ਕੋਲ ਖ਼ੁਦ ਨੂੰ ਮਾਫ਼ੀ ਦੇਣ ਦਾ ਅਧਿਕਾਰ ਹੈ। ਟਰੰਪ ਦੇ ਵਕੀਲ ਰੂਡੀ ਗਿਲਿਆਨੀ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਇਹ ਵੀ ਸਾਫ਼ ਕੀਤਾ ਕਿ ਫਿਲਹਾਲ ਅਜਿਹਾ ਕਰਨ ਦੀ ਟਰੰਪ ਦੀ ਕੋਈ ਯੋਜਨਾ ਨਹੀਂ ਹੈ। ਯਾਦ ਰਹੇ ਕਿ ਵਿਸ਼ੇਸ਼ ਵਕੀਲ ਰਾਬਰਟ ਮੁੱਲਰ 2016 ਚੋਣਾਂ ਵਿਚ ਰੂਸ ਨਾਲ ਗੰਢਤੁੱਪ ਦੀ ਜਾਂਚ ਕਰ ਰਹੇ ਹਨ। ਦੋਸ਼ ਹੈ ਕਿ ਚੋਣਾਂ ਵਿਚ ਟਰੰਪ ਦਾ ਪੱਖ ਮਜ਼ਬੂਤ ਕਰਨ ਤੇ ਉਨ੍ਹਾਂ ਨੂੰ ਜਿੱਤ ਦਿਵਾਉਣ ਲਈ ਰੂਸ ਦੀ ਮਦਦ ਲਈ ਗਈ ਸੀ। ਹਾਲਾਂਕਿ, ਰੂਸ ਤੇ ਟਰੰਪ ਦੋਵੇਂ ਹੀ ਇਸ ਗੱਲ ਤੋਂ ਇਨਕਾਰ ਕਰਦੇ ਆਏ ਹਨ। ਟਰੰਪ ਦਾ ਖ਼ੁਦ ਨੂੰ ਮਾਫ਼ੀ ਦੇਣ ਦਾ ਮਾਮਲਾ ਉਦੋਂ ਉਠਿਆ ਜਦੋਂ ਉਨ੍ਹਾਂ ਦੇ ਵਕੀਲ ਵੱਲੋਂ ਮੁੱਲਰ ਨੂੰ ਭੇਜੇ ਗਏ ਪੱਤਰ ਨੂੰ ਨਿਊਯਾਰਕ ਟਾਈਮਜ਼ ਨੇ ਪ੍ਰਕਾਸ਼ਿਤ ਕਰ ਦਿੱਤਾ ਸੀ। ਪੱਤਰ ਵਿਚ ਟਰੰਪ ਦੇ ਵਕੀਲਾਂ ਨੇ ਤਰਕ ਦਿੱਤਾ ਸੀ ਕਿ ਰਾਸ਼ਟਰਪਤੀ ਕੋਲ ਸੰਵਿਧਾਨਿਕ ਅਧਿਕਾਰ ਹਨ ਜਿਸ ਦੀ ਵਰਤੋਂ ਕਰ ਕੇ ਉਹ ਜਾਂਚ ਰੋਕਣ ਦੇ ਨਾਲ ਖ਼ੁਦ ਨੂੰ ਮਾਫ਼ੀ ਵੀ ਦੇ ਸਕਦੇ ਹਨ। ਇਸ ਤੋਂ ਬਾਅਦ ਇਕ ਇੰਟਰਵਿਊ ਵਿਚ ਗਿਲਿਆਨੀ ਨੇ ਕਿਹਾ, 'ਉਨ੍ਹਾਂ ਕੋਲ ਅਧਿਕਾਰ ਹਨ ਪਰ ਉਹ ਇਸ ਦੀ ਵਰਤੋਂ ਨਹੀਂ ਕਰਨਾ ਚਾਹੁੰਦੇ। ਮੇਰੇ ਵਿਚਾਰ ਵਿਚ ਰਾਸ਼ਟਰਪਤੀ ਵੱਲੋਂ ਖ਼ੁਦ ਨੂੰ ਮਾਫ਼ੀ ਦਿੱਤੇ ਜਾਣ ਦੇ ਕਈ ਸਿਆਸੀ ਮਾੜੇ ਨਤੀਜੇ ਹੋ ਸਕਦੇ ਹਨ। ਦੂਜਿਆਂ ਨੂੰ ਮਾਫ਼ੀ ਦੇਣੀ ਤੇ ਖ਼ੁਦ ਨੂੰ ਮਾਫ਼ ਕਰਨਾ ਦੋ ਗੱਲਾਂ ਹਨ। ਇਹ ਬਹੁਤ ਅਜੀਬ ਹੋਵੇਗਾ।' ਸਾਬਕਾ ਅਟਾਰਨੀ ਪ੍ਰੀਤ ਭਰਾਰਾ ਨੇ ਕਿਹਾ ਕਿ ਜੇਕਰ ਟਰੰਪ ਖ਼ੁਦ ਨੂੰ ਮਾਫ਼ੀ ਦੇਣ ਦਾ ਫ਼ੈਸਲਾ ਕਰਦੇ ਹਨ ਤਾਂ ਉਹ ਆਪਣੇ ਉੱਪਰ ਮਹਾਦੋਸ਼ ਚਲਾਏ ਜਾਣ ਦਾ ਰਸਤਾ ਖੋਲ੍ਹ ਦੇਣਗੇ। ਭਾਰਤੀ ਮੂਲ ਦੇ ਭਰਾਰਾ ਨੂੰ ਟਰੰਪ ਨੇ ਪਿਛਲੇ ਸਾਲ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.