ਵਾਸ਼ਿੰਗਟਨ, 8 ਜੂਨ (ਹ.ਬ.) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉਤਰੀ ਕੋਰੀਆਈ ਨੇਤਾ ਕਿਮ ਜੋਂਗ ਉਨ ਵਿਚਕਾਰ ਤਜਵੀਜ਼ਸ਼ੁਦਾ ਮੁਲਾਕਾਤ ਤੋਂ ਪਹਿਲਾਂ ਅਮਰੀਕਾ ਨੇ ਕਾਫੀ ਤਲਖ਼ ਭਾਸ਼ਾ ਦਾ ਇਸਤੇਮਾਲ ਕੀਤਾ ਹੈ। ਟਰੰਪ ਦੇ ਸਹਾਇਕ  ਰੂਡੀ ਗਿਲਿਆਨੀ ਨੇ ਕਿਹਾ ਕਿ ਕਿਮ ਜੋਂਗ ਨੇ ਗੋਡੇ ਟੇਕ ਕੇ ਅਮਰੀਕੀ ਰਾਸ਼ਟਰਪਤੀ ਤੋਂ ਸ਼ਿਖਰ ਵਾਰਤਾ ਲਈ ਭੀਖ ਮੰਗੀ ਹੈ।
ਇਸੇ ਦੌਰਾਨ ਸੀਐਨਐਨ ਨੇ ਖ਼ਬਰ ਦਿੱਤੀ ਕਿ ਪਹਿਲੇ ਦਿਨ ਗੱਲਬਾਤ ਚੰਗੇ ਮਾਹੌਲ ਵਿਚ ਹੋਈ ਤਾਂ ਟਰੰਪ ਤੇ ਕਿਮ ਦੀ ਸ਼ਿਖਰ ਵਾਰਤਾ ਅਗਲੇ ਦਿਨ ਵੀ ਚਲ ਸਕਦੀ ਹੈ। ਦੋਵੇਂ ਨੇਤਾਵਾਂ ਦੀ ਮੁਲਾਕਾਤ 12 ਜੂਨ ਨੂੰ ਹੋਣੀ ਹੈ। ਇਹ ਇਨ੍ਹਾਂ ਦੋਵੇਂ ਨੇਤਾਵਾਂ ਵਿਚਕਾਰ ਪਹਿਲੀ ਬੈਠਕ ਹੋਵੇਗੀ। ਇਸ ਦੇ ਅਗਲੇ ਦਿਨ ਟਰੰਪ ਵਤਨ ਪਰਤ ਆਉਣਗੇ। ਪਰ ਸਿੰਗਾਪੁਰ ਵਿਚ ਮੌਜੂਦ ਅਮਰੀਕੀ ਅਧਿਕਾਰੀ ਦੂਜੇ ਦਿਨ ਦੀ ਗੱਲਬਾਤ ਦੀ ਯੋਜਨਾ ਤਿਆਰ ਕਰਨ ਵਿਚ ਲੱਗੇ ਹੋਏ ਹਨ।
ਵਾਲ ਸਟਰੀਟ ਜਰਨਲ ਮੁਤਾਬਕ ਤਲ ਅਵੀਵ ਵਿਨਿਵੇਸ਼ ਸੰਮੇਲਨ ਨੂੰ ਸੰਬੋਧਨ ਕਰਦਿਆਂ ਗਿਲਿਆਨੀ ਨੇ ਕਿਹਾ ਕਿ ਉਤਰੀ ਕੋਰੀਆ ਦੇ ਰਾਸ਼ਟਰਪਤੀ ਕਹਿ ਰਹੇ ਸਨ ਕਿ ਉਹ ਸਾਡੇ ਨਾਲ ਪਰਮਾਣੂ ਜੰਗ ਲੜਨ ਜਾ ਰਹੇ ਹਨ। ਉਹ ਕਹਿ ਰਹੇ ਸਨ ਕਿ ਪਰਮਾਣੂ ਜੰਗ ਵਿਚ ਉਹ ਅਮਰੀਕਾ ਨੂੰ ਹਰਾ ਦੇਣਗੇ। ਪਰ ਹਕੀਕਤ ਇਹ ਹੈ ਕਿ ਉਨ੍ਹਾਂ ਨੇ ਗੋਡੇ ਟੇਕ ਕੇ ਸਾਡੇ ਕੋਲੋਂ ਗੱਲਬਾਤ ਦੀ ਭੀਖੀ ਮੰਗੀ ਹੈ। ਅਸੀਂ ਤਾਂ ਇਨ੍ਹਾਂ ਹਲਾਤਾਂ ਵਿਚ ਉਨ੍ਹਾਂ ਨਾਲ ਗੱਲਬਾਤ ਲਈ ਤਿਆਰ ਹੀ ਨਹੀਂ ਸੀ।  ਗਿਲਿਆਨੀ ਮੁਤਾਬਕ ਹੁਣ ਜਦੋਂ ਗੱਲਬਾਤ ਲਈ ਮੁੜ ਤੋਂ ਪ੍ਰੋਗਰਾਮ ਤੈਅ ਕੀਤਾ ਜਾ ਰਿਹਾ ਹੈ ਤਾਂ ਅਮਰੀਕਾ ਦਾ ਹੱਥ ਇਸ ਵਿਚ ਉਪਰ ਰਹੇਗਾ। ਟਰੰਪ-ਕਿਮ ਗੱਲਬਾਤ ਦੀਆਂ ਤਿਆਰੀਆਂ ਲਈ ਸਿੰਗਾਪੁਰ ਦੇ ਵਿਦੇਸ਼ ਮੰਤਰੀ ਵੀਰਵਾਰ ਨੂੰ ਦੋ ਦਿਨ ਦੀ ਯਾਤਰਾ 'ਤੇ ਪਿਓਂਗਯਾਂਗ ਜਾ   ਰਹੇ ਹਨ।

ਹੋਰ ਖਬਰਾਂ »