ਲੰਡਨ, 8 ਜੂਨ (ਹਮਦਰਦ ਨਿਊਜ਼ ਸਰਵਿਸ) : ਬਰਤਾਨੀਆ ਵਿੱਚ ਗੁਰਦੁਆਰੇ ਅਤੇ ਮਸਜਿਦ ਵਿੱਚ ਅੱਗ ਲੱਗਣ ਦੇ ਮਾਮਲੇ ਵਿੱਚ ਪੁਲਿਸ ਨੂੰ ਕੋਈ ਸੁਰਾਗ ਨਹੀਂ ਮਿਲਿਆ ਹੈ। ਪੁਲਿਸ ਇਸ ਨੂੰ ਨਸਲੀ ਅਪਰਾਧ ਦੇ ਤੌਰ ਉੱਤੇ ਦੇਖ ਰਹੀ ਹੈ। ਦੱਸ ਦੇਈਏ ਕਿ ਬੀਸਟਨ ਵਿੱਚ ਹਾਰਡੀ ਸਟ੍ਰੀਟ ਉਤੇ ਜਾਮਾ ਮਸਜਿਦ ਅਬੂ ਹੁਰੈਰਾ ਮਾਸਕ ਅਤੇ ਲੇਡੀ ਪੀਟ ਲੇਨ ਉੱਤੇ 'ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ' ਗੁਰਦੁਆਰੇ ਵਿੱਚ ਅੱਗ ਲਗਾ ਦਿੱਤੀ ਗਈ ਸੀ। ਲੀਡਸ ਡਿਸਟ੍ਰਿਕਟ ਦੇ ਜਾਸੂਸ ਨਿਰੀਖਕ ਰਿਚਰਡ ਹੋਮਜ਼ ਨੇ ਕਿਹਾ ਕਿ ਅਸੀਂ ਦੋਵੇਂ ਘਟਨਾਵਾਂ ਦੇ ਨੇੜਲੇ ਸਥਾਨਾਂ ਉੱਤੇ ਵਾਪਰਨ ਅਤੇ ਲਗਭਗ ਇੱਕ ਹੀ ਸਮੇਂ ਹਮਲਾ ਹੋਣ ਦੇ ਚਲਦੇ ਇਨ੍ਹਾਂ ਨੂੰ ਜੁੜਿਆ ਹੋਇਆ ਮੰਨ ਰਹੇ ਹਾਂ।
ਉਨ੍ਹਾਂ ਕਿਹਾ ਕਿ ਜਾਂਚ ਅਜੇ ਸ਼ੁਰੂਆਤੀ ਪੱਧਰ ਉੱਤੇ ਹੈ। ਇਹ ਵੀ ਲਗਦਾ ਹੈ ਕਿ ਧਾਰਮਿਕ ਸਥਾਨਾਂ ਨੂੰ ਖਾਸ ਤੌਰ ਉੱਤੇ ਨਿਸ਼ਾਨਾ ਬਣਾਇਆ ਗਿਆ। ਅਸੀਂ ਅੱਗ ਲੱਗਣ ਦੀਆਂ ਦੋਵਾਂ ਘਟਨਾਵਾਂ ਨੂੰ ਨਸਲੀ ਅਪਰਾਧ ਦੇ ਤੌਰ ਉੱਤੇ ਦੇਖ ਰਹੇ ਹਾਂ। ਹੋਮਸ ਨੇ ਕਿਹਾ ਕਿ ਅਸੀਂ ਦੋਵਾਂ ਇਲਾਕਿਆਂ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਸਮੇਤ ਵਿਆਪਕ ਪੱਧਰ ਉੱਤੇ ਪੁੱਛਗਿੱਛ ਕਰ ਰਹੇ ਹਾਂ। ਸਪੱਸ਼ਟ ਤੌਰ ਉੱਤੇ ਅਸੀਂ ਇਸ ਪ੍ਰਕਿਰਤੀ ਦੇ ਅਪਰਾਧਾਂ ਦੀ ਗੰਭੀਰਤਾ ਨਾਲ ਜਾਂਚ ਕਰਦੇ ਹਾਂ। ਅਪਰਾਧੀਆਂ ਨੂੰ ਨਿਆਂ ਦੇ ਘੇਰੇ ਵਿੱਚ ਲਿਆਉਣ ਲਈ ਅਸੀਂ ਹਰ ਸੰਭਵ ਯਤਨ ਕਰਾਂਗੇ। ਉਨ੍ਹਾਂ ਕਿਹਾ ਕਿ ਅਸੀਂ ਅਜਿਹੇ ਚਸ਼ਮਦੀਦ ਦੀ ਭਾਲ ਕਰ ਰਹੇ ਹਾਂ, ਜਿਸ ਨੇ ਕਿਸੇ ਸ਼ੱਕੀ ਨੂੰ ਦੇਖਿਆ ਹੋਵੇ, ਜਾਂ ਜੋ ਘਟਨਾ ਦੇ ਸਬੰਧ ਵਿੱਚ ਕੁਝ ਵੀ ਜਾਣਦਾ ਹੋਵੇ। ਹਾਲਾਂਕਿ, ਅਜੇ ਤੱਕ ਪੁਲਿਸ ਨੂੰ ਇਸ ਮਾਮਲੇ ਵਿੱਚ ਕੋਈ ਸਫ਼ਲਤਾ ਨਹੀਂ ਮਿਲੀ ਹੈ। ਰਿਪੋਰਟ ਅਨੁਸਾਰ ਮਸਜਿਦ ਦੇ ਮੁੱਖ ਦਰਵਾਜੇ ਉੱਤੇ ਬੁੱਧਵਾਰ ਨੂੰ ਸਥਾਨਕ ਸਮੇਂ ਮੁਤਾਬਕ ਲਗਭਗ 3:45 ਵਜੇ ਅੱਗ ਲੱਗ ਗਈ ਸੀ। ਇਸ ਦੇ ਕੁਝ ਮਿੰਟ ਬਾਅਦ ਹੀ ਗੁਰਦੁਆਰੇ ਦੇ ਦਰਵਾਜੇ ਉੱਤੇ ਅੱਗ ਲਗਾ ਦਿੱਤੀ। ਇਸ ਤੋਂ ਤੁਰੰਤ ਬਾਅਦ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਪੁਲਿਸ ਨੂੰ ਸੱਦਿਆ ਗਿਆ। ਇਸ ਤਰ੍ਹਾਂ ਅੱਗ ਉੱਤੇ ਕਾਬੂ ਪਾ ਲਿਆ ਗਿਆ। ਇਸ ਵਿਚਕਾਰ ਗੁਰਦੁਆਰਾ ਕਮੇਟੀ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਸਾਡੀ ਪੁਲਿਸ ਨਾਲ ਗੱਲ ਹੋਈ ਹੈ। ਪੁਲਿਸ ਮੁਖੀ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਉਹ ਅਪਰਾਧੀਆਂ ਨੂੰ ਫੜਨ ਲਈ ਹਰ ਸੰਭਵ ਯਤਨ ਕਰ ਰਹੇ ਹਨ। ਉਨ੍ਹਾਂ ਨੇ ਇਲਾਕੇ ਵਿੱਚ ਪੁਲਿਸ ਗਸ਼ਤ ਵਧਾਉਣ ਦਾ ਵੀ ਭਰੋਸਾ ਦਿੱਤਾ ਹੈ।

ਹੋਰ ਖਬਰਾਂ »