ਵਡੋਦਰਾ 12 ਜੂਨ (ਹ.ਬ.) : ਅਮਰੀਕਾ ਜਾ ਕੇ ਵਸੇ ਵਡੋਦਰਾ ਦੇ ਰਹਿਣ ਵਾਲੇ 51 ਸਾਲਾ ਹਰੀਸ਼ ਮਿਸਤਰੀ ਦੀ ਇਕ ਅਫ਼ਰੀਕੀ-ਅਮਰੀਕੀ ਨੇ ਹੱਤਿਆ ਕਰ ਦਿੱਤੀ। ਵਡੋਦਰਾ ਵਿਚ ਪਰਿਵਾਰ ਦੇ ਲੋਕਾਂ ਨੇ ਸੋਮਵਾਰ ਨੂੰ ਦੱਸਿਆ ਕਿ ਅਮਰੀਕੀ ਸੂਬੇ ਜਾਰਜੀਆ ਦੇ ਅਟਲਾਂਟਾ ਵਿਚ ਗੁਜਰਾਤੀ ਐਨਆਰਆਈ ਦੇ ਗੈਸ ਸਟੇਸ਼ਨ ਕਮ ਸਟੋਰ ਦੇ ਨਜ਼ਦੀਕ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਹਤਿਆਰੇ ਨੇ ਉਨ੍ਹਾਂ 'ਤੇ ਤਿੰਨ ਗੋਲੀਆਂ ਚਲਾਈਆਂ।
ਹਰੀਸ਼ ਦੇ ਭਤੀਜੇ ਸੁਮਨ ਮਿਸਤਰੀ ਨੇ ਦਾਅਵਾ ਕੀਤਾ, ਜਿਸ  ਸਮੇਂ ਹਮਲਾ ਹੋਇਆ ਉਸ ਸਮੇਂ ਹਰੀਸ਼ ਚਾਚਾ ਸਟੋਰ ਬੰਦ ਕਰ ਰਹੇ ਸਨ। ਸ਼ਨਿੱਚਰਵਾਰ ਸ਼ਾਮ ਅਫ਼ਰੀਕੀ-ਅਮਰੀਕੀ ਨੇ ਸਟੋਰ ਦੇ ਨਜ਼ਦੀਕ ਹੀ ਉਨ੍ਹਾਂ ਨੂੰ ਤਿੰਨ ਵਾਰੀ ਗੋਲੀ ਮਾਰੀ। ਸਾਡੇ ਰਿਸ਼ਤੇਦਾਰਾਂ ਨੇ ਕਿਹਾ ਕਿ ਚਾਚੇ ਨੂੰ ਗੋਲੀ ਮਾਰਨ ਵਾਲਾ ਆਦਮੀ ਉਨ੍ਹਾਂ ਦੇ ਸਟੋਰ ਵਿਚ ਹੀ ਕੰਮ ਕਰਦਾ ਸੀ। ਹਰੀਸ਼ ਦੀ ਪਤਨੀ ਸ਼ੀਤਲਬੇਨ ਨੇ ਫ਼ੋਨ 'ਤੇ ਪਰਿਵਾਰ ਨੂੰ ਘਟਨਾ ਦੀ ਸੂਚਨਾ ਦਿੱਤੀ। ਹਰੀਸ਼ ਦੇ ਪਰਿਵਾਰ ਵਿਚ ਉਨ੍ਹਾਂ ਦੀ ਪਤਨੀ ਸ਼ੀਤਲ ਤੋਂ ਇਲਾਵਾ 19 ਸਾਲਾ ਬੇਟੀ ਨੈਂਸੀ ਅਤੇ ਚਾਰ ਸਾਲਾ  ਬੇਟਾ ਨਯਨ ਹੈ। ਉਨ੍ਹਾਂ ਦੀਆਂ ਦੋ ਭੈਣਾਂ ਵੀ ਅਮਰੀਕਾ ਵਿਚ ਰਹਿੰਦੀਆਂ ਹਨ। ਦੱਸਣਾ ਬਣਦਾ ਹੈ ਕਿ ਆਏ ਦਿਨ ਹੀ ਖ਼ਬਰਾਂ ਵਿਚ ਇਹ ਸੁਣਨ ਨੂੰ ਮਿਲ ਰਿਹਾ ਹੈ ਕਿ ਵਿਦੇਸ਼ਾਂ ਵਿਚ ਭਾਰਤੀਆਂ ਦੀ ਹੱਤਿਆ ਕੀਤੀ ਜਾ ਰਹੀ ਹੈ। ਪਰ ਸਰਕਾਰ ਇਸ ਬਾਰੇ ਸੰਜੀਦਾ ਨਹੀਂ ਹੈ।

ਹੋਰ ਖਬਰਾਂ »