ਭਾਰਤੀ ਗ੍ਰਹਿ ਮੰਤਰੀ ਰਿਜਿਜੂ ਨੇ ਬਰਤਾਨਵੀ ਗ੍ਰਹਿ ਮੰਤਰੀ ਨੂੰ ਦਿੱਤੀ ਜਾਣਕਾਰੀ

ਨਵੀਂ ਦਿੱਲੀ, 13 ਜੂਨ (ਹ.ਬ.) : ਭਾਰਤ ਨੇ ਬਰਤਾਨੀਆ ਨੂੰ ਕਿਹਾ ਹੈ ਕਿ ਪੰਜਾਬ ਵਿਚ ਆਰਐਸਐਸ ਸਮੇਤ ਹੋਰ ਹਿੰਦੂ ਸੰਗਠਨਾਂ ਦੇ ਨੇਤਾਵਾਂ ਦੀ ਹੱਤਿਆ ਦੀ ਸਾਜਿਸ਼ ਦੇ ਮੁਲਜ਼ਮ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਹਲ ਨੂੰ ਕਾਨੂੰਨ ਦਾ ਸਾਹਮਣਾ ਕਰਨਾ ਪਵੇਗਾ। ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਦੀ ਲੰਡਨ ਵਿਚ ਬਰਤਾਨੀਆ ਦੇ ਅੱਤਵਾਦ ਵਿਰੋਧੀ ਮੰਤਰੀ ਬੈਰੋਨੇਸ ਵਿਲੀਅਮ ਨੂੰ ਕਿਹਾ ਕਿ ਜਗਤਾਰ ਸਿੰਘ ਜੌਹਲ ਦੇ ਖ਼ਿਲਾਫ਼ ਕਾਨੂੰਨ ਦੇ ਮੁਤਾਬਕ ਕੇਸ ਚੱਲੇਗਾ। ਉਹ ਪੰਜਾਬ ਵਿਚ ਜਨਵਰੀ 2016 ਤੋਂ ਅਕਤੂਬਰ 2017 ਤੱਕ ਸੰਘ ਦੇ ਨਾਲ ਹੀ ਸ਼ਿਵ ਸੈਨਾ ਅਤੇ ਡੇਰਾ ਸੱਚਾ ਸੌਦਾ ਨਾਲ ਜੜੇ ਆਗੂਆਂ ਦੀ ਹੱਤਿਆਵਾਂ ਦੀ ਸਾਜਿਸ਼ ਵਿਚ ਮੁਲਜ਼ਮ ਹੈ। ਦੋਸ਼ ਹੈ ਕਿ ਜੌਹਲ ਨੇ ਸੰਘ ਨੇਤਾ ਰਵਿੰਦਰ ਗੋਸਾਈਂ ਦੀ ਪਿਛਲੇ ਸਾਲ ਅਕਤੂਬਰ ਵਿਚ ਲੁਧਿਆਣਾ ਵਿਚ ਹੋਈ ਹੱਤਿਆ ਦੇ ਮਾਮਲੇ ਵਿਚ ਹਤਿਆਰਿਆਂ ਨੂੰ ਵਿੱਤੀ ਮਦਦ ਮੁਹੱਈਆ ਕਰਵਾਈ ਸੀ। ਜ਼ਿਕਰਯੋਗ ਹੈ ਕਿ ਜਗਤਾਰ ਜੌਹਲ ਨੂੰ ਨਵੰਬਰ 2017 ਵਿਚ ਮੋਗਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਕੁਝ ਦਿਨ ਪਹਿਲਾਂ ਹੀ ਉਸ ਦਾ ਮੋਗਾ ਵਿਚ ਵਿਆਹ ਹੋਇਆ ਸੀ। ਉਹ ਵਿਆਹ ਕਰਨ ਦੇ ਲਈ ਭਾਰਤ ਆਇਆ ਸੀ। ਇਸ ਸਾਲ ਫਰਵਰੀ ਵਿਚ ਉਸ ਨੂੰ ਤਿਹਾੜ ਜੇਲ੍ਹ ਸ਼ਿਫਟ ਕਰ ਦਿੱਤਾ ਗਿਆ ਸੀ।

ਹੋਰ ਖਬਰਾਂ »