ਸੰਗੀਤ ਸਮਾਗਮ ਰੱਦ ਹੋਣ ਉੱਤੇ ਰੁਪਏ ਵਾਪਸ ਨਾ ਕਰਨ ਦਾ ਦੋਸ਼

ਵਾਸ਼ਿੰਗਟਨ, 15 ਜੂਨ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਵਿੱਚ ਸਲਮਾਨ ਖਾਨ ਸਮੇਤ ਬਾਲੀਵੁਡ ਦੀਆਂ ਪੰਜ ਚਰਚਿਤ ਹਸਤੀਆਂ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿੱਚ ਸਲਮਾਨ ਤੋਂ ਬਿਨਾਂ ਕੈਟਰਿਨਾ ਕੈਫ਼, ਸੋਨਾਕਸ਼ੀ ਸਿਨਹਾ, ਰਣਵੀਰ ਸਿੰਘ ਅਤੇ ਪ੍ਰਭੂਦੇਵਾ ਸ਼ਾਮਲ ਹਨ। ਵਾਏਬ੍ਰੈਂਟ ਮੀਡੀਆ ਗਰੁੱਪ ਇਨ੍ਹਾਂ ਸਾਰਿਆਂ ਕੋਲੋਂ 2013 ਵਿੱਚ ਇੱਕ ਸੰਗੀਤ ਸਮਾਗਮ ਕਰਵਾਉਣਾ ਚਾਹੁੰਦਾ ਸੀ, ਪਰ ਸ਼ੋਅ ਰੱਦ ਹੋ ਗਿਆ। ਇਸ ਸਮਾਗਮ ਲਈ ਪੰਜੇ ਸ਼ਖਸੀਅਤਾਂ ਨੂੰ ਐਡਵਾਂਸ ਵਿੱਚ ਭੁਗਤਾਨ ਕੀਤਾ ਗਿਆ ਸੀ। ਦੋਸ਼ ਹੈ ਕਿ ਇਨ੍ਹਾਂ ਨੇ ਸੰਗੀਤ ਸਮਾਗਮ ਰੱਦ ਹੋਣ ਮਗਰੋਂ ਅੱਜ ਤੱਕ ਇੱਕ ਵੀ ਪੈਸਾ ਵਾਪਸ ਨਹੀਂ ਕੀਤਾ ।

ਵਾਏਬ੍ਰੈਂਟ ਗਰੁੱਪ ਨੇ 10 ਜੂਨ ਨੂੰ ਸ਼ਿਕਾਗੋ ਦੀ ਇੱਕ ਅਦਾਲਤ ਵਿੱਚ ਬਾਲੀਵੁਡ ਦੀਆਂ ਇਨ੍ਹਾਂ ਪੰਜੇ ਹਸਤੀਆਂ ਵਿਰੁੱਧ ਮਾਮਲਾ ਦਰਜ ਕਰਵਾਇਆ ਹੈ। ਇਸ ਤੋਂ ਇਲਾਵਾ ਕੰਪਨੀ ਨੇ ਉਨ੍ਹਾਂ ਦੇ ਏਜੰਟ ‘ਮੈਟ੍ਰਿਕਸ ਇੰਡੀਆ ਐਂਟਰਟੇਨਮੈਂਟ ਕੰਸਲਟੈਂਟਸ ਪ੍ਰਾਈਵੇਟ ਲਿਮਟਡ’ ਅਤੇ ‘ਯਸ਼ਰਾਜ ਫਿਲਮਜ਼ ਪ੍ਰਾਈਵੇਡ ਲਿਮਟਡ’ ਉੱਤੇ ਵੀ ਮਾਮਲਾ ਦਰਜ ਕਰਵਾਇਆ ਹੈ।

ਸ਼ਿਕਾਇਤ ਮੁਤਾਬਕ 2013 ਵਿੱਚ ਵਾਏਬ੍ਰੈਂਟ ਗਰੁੱਪ ਨੇ ਭਾਰਤੀ ਸਿਨੇਮਾ ਦੇ 100 ਸਾਲ ਪੂਰੇ ਹੋਣ ਦੇ ਸਬੰਧ ਵਿੱਚ ਇੱਕ ਸੰਗੀਤ ਸਮਾਗਮ ਰੱਖਿਆ ਸੀ। ਜੋ 1 ਸਤੰਬਰ 2013 ਨੂੰ ਹੋਣਾ ਸੀ। ਇਸ ਦੇ ਲਈ ਗਰੁੱਪ ਨੇ ਸਲਮਾਨ ਖਾਨ, ਕੈਟਰਿਨਾ ਕੈਫ਼, ਸੋਨਾਕਸ਼ੀ ਸਿਨਹਾ, ਰਣਵੀਰ ਸਿੰਘ ਅਤੇ ਪ੍ਰਭੂਦੇਵਾ ਨੂੰ ਸੱਦਾ ਦਿੱਤਾ ਸੀ। ਉਸ ਦੌਰਾਨ ਸਲਮਾਨ ਖਾਨ ਉੱਤੇ ਰਾਜਸਥਾਨ ਵਿੱਚ ਸ਼ਿਕਾਰ ਦਾ ਮਾਮਲਾ ਚੱਲ ਰਿਹਾ ਸੀ। ਕੋਰਟ ਨੇ ਉਸ ਦੇ ਵਿਦੇਸ਼ ਜਾਣ ਉੱਤੇ ਰੋਕ ਲਗਾ ਦਿੱਤੀ ਸੀ। ਇਸ ਲਈ ਸ਼ੋਅ ਨੂੰ ਰੱਦ ਕਰਨਾ ਪਿਆ ਸੀ।

ਗਰੁੱਪ ਨੇ ਕਿਹਾ ਕਿ ਸਲਮਾਨ ਖਾਨ, ਉਸ ਦੇ ਏਜੰਸਟ ਅਤੇ ਹੋਰ ਕਲਾਕਾਰਾਂ ਤੋਂ ਐਡਵਾਂਸ ਵਾਪਸ ਕਰਨ ਲਈ ਸੰਪਰਕ ਕੀਤਾ ਗਿਆ, ਪਰ ਕਿਸੇ ਨੇ ਕਾਲ ਦਾ ਜਵਾਨ ਨਹੀਂ ਦਿੱਤਾ। ਕੰਪਨੀ ਨੂੰ ਸਮਾਗਮ ਰੱਦ ਹੋਣ ਨਾਲ 1 ਮਿਲੀਅਨ ਡਾਲਰ (ਲਗਭਗ 68 ਲੱਖ ਰੁਪਏ) ਦਾ ਨੁਕਸਾਨ ਹੋਇਆ ਹੈ।  ਦਾਖ਼ਲ ਕੀਤੀ ਗਈ ਪਟੀਸ਼ਨ ਵਿੱਚ ਗਰੁੱਪ ਨੇ ਕਿਹਾ ਕਿ  ਵਾਏਬ੍ਰੈਂਟ ਗਰੁੱਪ ਸਲਮਾਨ ਅਤੇ ਹੋਰ ਕਲਾਕਾਰਾਂ ਕੋਲੋਂ ਨਵੀਂ ਤਰੀਕ ਉੱਤੇ ਸਮਾਗਮ ਕਰਵਾਉਣ ਲਈ ਤਿਆਰ ਸੀ, ਪਰ ਬਾਅਦ ਵਿੱਚ ਪਤਾ ਲੱਗਾ ਕਿ ਉਨ੍ਹਾਂ ਸਾਰਿਆਂ ਨੇ ਦੂਜੇ ਪ੍ਰਮੋਟਰ ਨਾਲ ਸ਼ੋਅ ਦਾ ਕਰਾਰ ਕਰ ਲਿਆ।

ਸ਼ਿਕਾਗੋ ਦੇ ਸਿਅਰਸ ਵਿੱਚ ਹੋਣ ਵਾਲੇ ਸੰਗੀਤ ਸਮਾਗਮ ਲਈ ਕੰਪਨੀ ਨੇ ਸਲਮਾਨ ਖਾਨ ਨੂੰ ਐਡਵਾਂਸ ਵਿੱਚ 2 ਲੱਖ ਡਾਲਰ (ਲਗਭਗ 1.36 ਕਰੋੜ ਰੁਪਏ) ਦਾ ਭੁਗਤਾਨ ਕੀਤਾ ਗਿਆ ਸੀ। ਇਸ ਤੋਂ ਇਲਾਵਾ ਕੈਟਰੀਨਾ ਨੂੰ 40 ਹਜਾਰ ਡਾਲਰ (ਲਗਭਗ 27 ਲੱਖ ਰੁਪਏ), ਸੋਨਾਕਸ਼ੀ ਸਿਨਹਾ ਨੂੰ 36 ਹਜਾਰ ਡਾਲਰ (ਲਗਭਗ 24 ਲੱਖ) ਦਿੱਤੇ ਸਨ। ਪਰ ਕਿਸੇ ਵੀ ਇਹ ਪੈਸੇ ਵਾਪਸ ਨਹੀਂ ਕੀਤੇ।

ਹੋਰ ਖਬਰਾਂ »