5 ਸਾਥੀ ਵੀ ਚੜ੍ਹੇ ਪੁਲਿਸ ਦੇ ਹੱਥੇ

ਮਣੀਪੁਰ, 22 ਜੂਨ (ਹਮਦਰਦ ਨਿਊਜ਼ ਸਰਵਿਸ) : ਭਾਰਤ ਦੇ ਉੱਤਰ-ਪੂਰਬੀ ਸੂਬੇ ਮਣੀਪੁਰ ਵਿੱਚ ਨਾਰਕੋਟਿਕਸ ਅਤੇ ਸਰਹੱਦੀ ਮਾਮਲਿਆਂ ਦੇ ਵਿਭਾਗ ਨੇ ਸੱਤ ਲੋਕਾਂ ਨੂੰ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਸੱਤ ਲੋਕਾਂ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਇੱਕ ਨੇਤਾ ਵੀ ਸ਼ਾਮਲ ਹੈ। ਉਹ ਚੰਦੇਲ ਜਿਲ੍ਹੇ ਦੀ ਸਵਾਇਤ ਜਿਲ੍ਹਾ ਕਮੇਟੀ ਦਾ ਚੇਅਰਮੈਨ ਵੀ ਹੈ। ਗ੍ਰਿਫ਼ਤਾਰ ਭਾਜਪਾ ਨੇਤਾ ਦਾ ਨਾਂ ਲੁਟਖੋਸੀ ਜੋਊ ਦੱਸਿਆ ਜਾ ਰਿਹਾ ਹੈ।
ਗ੍ਰਿਫ਼ਤਾਰ ਲੋਕਾਂ ਕੋਲੋਂ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਕੌਮਾਂਤਰੀ ਬਾਜਾਰ ਵਿੱਚ ਕੀਮਤ 27 ਕਰੋੜ ਰੁਪਏ ਦੱਸੀ ਜਾ ਰਹੀ ਹੈ। ਜਬਤ ਕੀਤੇ ਗਏ ਸਾਮਾਨ ਵਿੱਚ 4.595 ਕਿਲੋਗ੍ਰਾਮ ਹੈਰੋਇਨ, 28 ਕਿਲੋਗ੍ਰਾਮ ‘ਵਰਲਡ ਇਜ਼ ਯੋਰ’ ਟੈਬਲੇਟ ਅਤੇ 57.18 ਲੱਖ ਰੁਪਏ ਨਕਦੀ ਅਤੇ 95 ਹਜਾਰ ਰੁਪਏ ਬੰਦ ਹੋ ਚੁੱਕੀ ਕਰੰਸੀ ਸ਼ਾਮਲ ਹੈ। ਗ੍ਰਿਫ਼ਤਾਰ ਕਰਨ ਵਾਲੀ ਟੀਮ ਨੂੰ ਇਨ੍ਹਾਂ ਕੋਲੋਂ 0.32 ਬੋਰ ਦਾ ਪਿਸਟਲ, ਇੱਕ ਰਾਈਫਲ, ਦੋ ਬੰਦੂਕਾਂ ਦੇ ਲਾਇਸੰਸ, 8 ਬੈਂਕ ਪਾਸਬੁੱਕਾਂ ਵੀ ਮਿਲੀਆਂ ਹਨ।  ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਪਛਾਣ ਐਸਥਰ ਵੁਨਘੇਨੁਆਮ, ਮੁੰਗ ਜੂ ਐਰਿਕ, ਟੈਰੇਸਾ ਨਗੇਟ ਨੇਂਗਬੋਈ, ਲਾਰੈਂਸ ਜੂ, ਮਿਨਲਾਲ ਮਾਤੇ, ਸਿਓ ਜਾਮਤਾਂਗ ਮਾਤੇ ਅਤੇ ਲੁਟਖੋਸੀ ਜੋਊ ਸ਼ਾਮਲ ਹਨ।
ਲੁਟਖੋਸੀ ਨੇ ਸਾਲ 2017 ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦੇ ਉਮੀਦਵਾਰ ਦੇ ਤੌਰ ਉੱਤੇ ਚੋਣ ਲੜੀ ਸੀ। ਪਰ ਬਾਅਦ ਵਿੱਚ ਉਹ ਚੰਦੇਲ ਜਿਲ੍ਹੇ ਵਿੱਚ ਕਮੇਟੀ ਗਠਿਤ ਕਰਨ ਲਈ ਭਾਜਪਾ ਵਿੱਚ ਸ਼ਾਮਲ ਹੋ ਗਿਆ ਸੀ। ਪੁਲਿਸ ਨੇ ਇਹ ਖੁਲਾਸਾ ਥਾਂਗ ਮਿਨਲੁਨ ਜੂ ਦੇ ਖੁਲਾਸਿਆਂ ਦੇ ਆਧਾਰ ਉੱਤੇ ਕੀਤਾ। ਉਹ ਹੀ ਪੁਲਿਸ ਨੂੰ ਲੰਗੋਲ ਗੇਮ ਪਿੰਡ ਵਿੱਚ ਲੈ ਗਿਆ, ਜਿੱਥੇ ਉਸ ਨੇ ਦੇ ਵੱਡੇ ਸੂਟਕੇਸਾਂ ਵਿੱਚ ਨਸ਼ੀਲੀਆਂ ਦਵਾਈਆਂ ਨੂੰ ਛੁਪਾਇਆ ਹੋਇਆ ਸੀ। ਬਾਅਦ ਵਿੱਚ ਉਸ ਨੇ ਛੱਤ ਉੱਤੇ ਛੁਪਾ ਕੇ ਰੱਖੀ ਗਈ ਹੈਰੋਇਨ ਦੇ ਪਾਊਡਰ ਦੇ ਦੋ ਵੱਡੇ ਸੂਟਕੇਸ ਵੀ ਬਰਾਮਦ ਕਰਵਾਏ। ਹੈਰੋਇਨ ਦੇ ਪਾਊਡਰ ਅਤੇ ‘ਵਰਲਡ ਇਜ ਯੋਰ’ ਟੈਬਲੇਟ ਨੂੰ ਸਾਬਣ ਦੇ ਪੈਕਟ ਵਿੱਚ ਪਲਾਸਟਿਕ ਦੇ ਬੈਗ ਵਿੱਚ ਪੈਕ ਕੀਤਾ ਗਿਆ ਸੀ।

ਹੋਰ ਖਬਰਾਂ »