ਪੰਚਕੂਲਾ, 29 ਜੂਨ (ਹ.ਬ.) : ਪੁਰਾਣੀ ਰੰਜਿਸ਼ ਵਿਚ ਕਾਲਕਾ ਦੇ ਪਿੰਡ ਪਪਲੋਹਾ ਮਾਜਰਾ ਵਿਚ ਕਰੀਬ ਤਿੰਨ ਗੱਡੀਆਂ ਵਿਚ ਆਏ ਦੂਜੇ ਗੁੱਟ ਦੇ ਇਕ ਦਰਜਨ ਤੋਂ ਜ਼ਿਆਦਾ ਹਮਲਾਵਰਾਂ ਨੇ ਦੂਜੇ ਗੁੱਟ 'ਤੇ ਅੰਨ੍ਹੇਵਾਹ ਗੋਲੀਬਾਰੀ ਕਰ ਦਿੱਤੀ। ਹਮਲੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਜਦ ਕਿ ਗੰਭੀਰ ਰੂਪ ਨਾਲ 3 ਨੌਜਵਾਨਾਂ ਨੂੰ ਪੀਜੀਆਈ ਰੈਫਰ ਕੀਤਾ ਗਿਆ। ਮ੍ਰਿਤਕ ਦੀ ਪਛਾਣ ਪਿੰਡ ਘਾਟੀਵਾਲਾ ਨਿਵਾਸੀ 25 ਸਾਲਾ ਵਿਕਰਮ ਉਰਫ ਵਿੱਕੀ ਕੈਮੀ ਦੇ ਤੌਰ 'ਤੇ ਹੋਈ ਹੈ। ਉਧਰ ਨੌਜਵਾਨ ਦੀ ਮੌਤ ਕਾਰਨ ਗੁੱਸੇ ਵਿਚ  ਪਿੰਡ ਵਾਸੀਆਂ ਨੇ ਕਰੀਬ ਛੇ ਘੰਟੇ ਤੱਕ ਕਾਲਕਾ-ਪਪਲੋਹਾ ਰੋਡ 'ਤੇ ਜਾਮ ਲਗਾਈ ਰੱਖਿਆ। ਮੁਲਜ਼ਮਾ ਦੀ ਗ੍ਰਿਫ਼ਤਾਰੀ ਤੱਕ ਜਾਮ ਨਾ ਖੋਲ੍ਹਣ 'ਤੇ ਅੜੇ ਪਿੰਡ ਵਾਸੀਆਂ ਨੇ ਸਥਾਨਕ ਵਿਧਾਇਕ ਦੇ ਖ਼ਿਲਾਫ਼ ਵੀ ਨਾਅਰੇਬਾਜ਼ੀ ਕੀਤੀ। ਪੁਲਿਸ ਨੇ ਇਸ ਘਟਨਾ ਵਿਚ 30 ਮੁਲਜ਼ਮਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਤੋਂ ਪਹਿਲਾਂ ਵੀ ਇਕ ਵਾਰ ਦੋ ਗੈਂਗ ਦੇ ਵਿਚ ਫਾਇਰਿੰਗ ਦੀ ਘਟਨਾ ਵਾਪਰੀ ਸੀ, ਜਿਸ ਨੂੰ ਦੇਖਦੇ ਹੋਏ ਇਸ ਵਾਰਦਾਤ ਨੂੰ ਗੈਂਗਵਾਰ ਮੰਨਿਆ ਜਾ ਰਿਹਾ ਹੈ। ਵੀਰਵਾਰ ਨੂੰ ਵਿਕਰਮ ਉਰਫ ਵਿੱਕੀ ਕੈਮੀ ਦਾ ਜਨਮ ਦਿਨ ਸੀ। ਸ਼ਾਮ ਕਰੀਬ ਪੰਜ ਵਜੇ ਉਹ ਅਪਣੇ ਦੋਸਤਾਂ ਦੇ ਨਾਲ ਜਨਮ ਦਿਨ ਮਨਾ ਰਿਹਾ ਸੀ। ਜਸ਼ਨ ਦਾ ਮੌਕਾ ਹੋਣ ਕਾਰਨ ਕਿਸੇ ਨੂੰ ਇਸ ਅਣਹੋਣੀ ਦਾ ਅੰਦਾਜ਼ਾ ਨਹੀਂ ਸੀ।  ਵਿੱਕੀ ਅਪਣੇ ਦੋਸਤਾਂ ਦੇ ਨਾਲ ਪਿੰਡ ਪਪਲੋਹਾ ਵਿਚ ਰੇਤ ਦੇ ਟਾਲ ਵਿਚ ਗੱਡੀ ਵਿਚ ਬੈਠਾ ਸੀ। ਸ਼ਾਮ ਕਰੀਬ ਸਵਾ ਪੰਜ ਵਜੇ ਤਿੰਨ ਗੱਡੀਆਂ ਵਿਚ ਕਰੀਬ ਇਕ ਦਰਜਨ ਅਣਪਛਾਤੇ ਨੌਜਵਾਨ ਮੌਕੇ 'ਤੇ ਪੁੱਜੇ ਅਤੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ।  ਫਾਇਰਿੰਗ ਦੌਰਾਨ ਉਥੇ ਮੌਜੂਦ ਵਿੱਕੀ ਦੇ ਸਰੀਰ 'ਤੇ ਕਈ ਗੋਲੀਆਂ ਲੱਗੀਆਂ ਜਦ ਕਿ ਹੋਰ ਸਾਥੀ ਵੀ ਗੋਲੀ ਅਤੇ ਛਰਰੇ ਲੱਗਣ ਕਾਰਨ ਜ਼ਖਮੀ ਹੋ ਗਏ। ਐਸਐਚਓ ਕਾਲਕਾ ਕੰਵਲਜੀਤ ਨੇ ਦੱਸਿਆ ਕਿ ਗੋਲੀਬਾਰੀ ਥੋੜ੍ਹੀ ਦੇਰ ਲਈ ਹੋਈ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਸਾਰੇ ਮੁਲਜ਼ਮ ਫਰਾਰ ਹੋ ਗਏ।  ਵਾਰਦਾਤ ਤੋਂ ਬਾਅਦ ਪੁਲਿਸ ਨੇ ਜਾਂਚ ਕੀਤੀ ਤਾਂ ਸਕਾਰਪੀਓ ਵਿਚ ਵਿੱਕੀ ਕੈਮੀ ਨਾਂ ਦੇ ਨੌਜਵਾਨ ਦੀ ਲਾਸ਼ ਪਈ ਸੀ। 
ਗੋਲੀਬਾਰੀ ਵਿਚ ਜ਼ਖਮੀ ਹੋਏ ਸਾਰੇ ਨੌਜਵਾਨਾਂ ਨੂੰ ਕਾਲਕਾ ਸੀਐਚਸੀ ਲੈ ਜਾਇਆ ਗਿਆ ਜਿੱਥੋਂ ਉਨ੍ਹਾਂ ਪੀਜੀਆਈ ਰੈਫਰ ਕਰ ਦਿੱਤਾ ਗਿਆ। ਇਸ ਘਟਨਾ ਨਾਲ ਗੁੱਸੇ ਵਿਚ ਆਏ ਲੋਕਾਂ ਨੇ ਸਥਾਨਕ  ਵਿਧਾਇਕ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।  ਪਿੰਡ ਵਾਸੀਆਂ ਨੇ ਲਾਸ਼  ਕਾਲਕਾ ਪਪਲੋਹਾ ਰੋਡ ਦੇ ਵਿਚ ਰੱਖ ਕੇ ਜਾਮ ਲਗਾ ਦਿੱਤਾ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ। ਪੁਲਿਸ ਨੇ ਦੋਸ਼ੀਆਂ ਨੂੰ ਫੜਨ ਦਾ ਭਰੋਸਾ ਦੇ ਕੇ ਜਾਮ ਖੁਲ੍ਹਵਾਇਆ।

ਹੋਰ ਖਬਰਾਂ »