ਐਬਟਸਫੋਰਡ, 2 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਐਬਟਸਫੋਰਡ ਵਿੱਚ ਕੈਨੇਡਾ ਡੇਅ ਮਨਾ ਕੇ ਪਰਤੇ ਰਹੇ ਇੱਕ ਪੰਜਾਬੀ ਮੂਲ ਦੇ ਬਜੁਰਗ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਐਬਟਸਫੋਰਡ ਐਮਰਜੰਸੀ ਸਰਵਿਸਜ਼ ਨੇ ਦੱਸਿਆ ਕਿ ਇਕ ਪੰਜਾਬੀ ਮੂਲ ਦਾ ਬਜੁਰਗ ਕੈਨੇਡਾ ਡੇਅ ਪਰੇਡ ਸਮਾਗਮ ਵਿੱਚੋਂ ਇੱਕ ਪਿਕਅਪ ਟਰੱਕ ਉੱਤੇ ਸਵਾਰ ਹੋ ਕੇ ਵਾਪਸ ਜਾ ਰਿਹਾ ਸੀ। ਉਹ ਪਿਕਅਪ ਟਰੱਕ ਦੀ ਪਿਛਲੀ ਸੀਟ ਉੱਤੇ ਬੈਠਾ ਸੀ ਅਤੇ ਪਿਕਅਪ ਟਰੱਕ ਦੇ ਪਿੱਛੇ ਇੱਕ ਟਰਾਲੀ ਜੋੜੀ ਹੋਈ ਸੀ। ਜਦੋਂ ਪਿਕਅਪ ਟਰੱਕ ਸਿਮੋਨ ਐਵੇਨਿਊ ਅਤੇ ਗਲੈਡਵਿਨ ਰੋਡ ਦੇ ਚੌਰਾਹੇ ਉੱਤੇ ਪੁੱਜਾ ਤਾਂ ਉਹ ਟਰੱਕ ਵਿੱਚੋਂ ਅਚਾਨਕ ਥੱਲੇ ਡਿੱਗ ਗਿਆ। ਇਸ ਦੌਰਾਨ ਪਿੱਛੇ ਜੋੜੀ ਟਰਾਲੀ ਹੇਠ ਆਉਣ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਬੀਸੀ ਐਂਬੂਲੈਂਸ ਸਰਵਿਸ ਵੱਲੋਂ ਹਸਪਤਾਲ ਲਿਜਾਇਆ ਗਿਆ, ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਉਸ ਨੇ ਦਮ ਤੋੜ ਦਿੱਤਾ।

ਹੋਰ ਖਬਰਾਂ »