ਮੁੱਖ ਸਕੱਤਰ ਨੂੰ ਰੂਪ-ਰੇਖਾ ਤਿਆਰ ਕਰਨ ਅਤੇ ਜ਼ਰੂਰੀ ਨੋਟੀਫਿਕੇਸ਼ਨ ਜਾਰੀ ਕਰਵਾਉਣ ਲਈ ਆਖਿਆ

ਚੰਡੀਗੜ੍ਹ, 4 ਜੁਲਾਈ, (ਹ.ਬ.) : ਨਸ਼ਿਆਂ ਦੇ ਸਬੰਧ ਵਿੱਚ ਅੱਗੇ ਹੋਰ ਢਿੰਬਰੀ ਕੱਸਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਮੁਲਾਜ਼ਮਾਂ ਸਣੇ ਸਾਰੇ ਸਰਕਾਰੀ ਮੁਲਾਜ਼ਮਾਂ ਦਾ ਡੋਪ ਟੈਸਟ ਲਾਜ਼ਮੀ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ। ਇਹ ਟੈਸਟ ਮੁਲਾਜ਼ਮਾਂ ਦੀ ਭਰਤੀ ਅਤੇ ਉਨ੍ਹਾਂ ਦੀ ਸੇਵਾ ਦੇ ਹਰੇਕ ਪੜਾਅ 'ਤੇ ਹੋਇਆ ਕਰੇਗਾ। ਮੁੱਖ ਮੰਤਰੀ ਨੇ ਇਸ ਸਬੰਧੀ ਰੂਪ-ਰੇਖਾ ਤਿਆਰ ਕਰਨ ਅਤੇ ਜ਼ਰੂਰੀ ਨੋਟੀਫਿਕੇਸ਼ਨ ਜਾਰੀ ਕਰਵਾਉਣ ਲਈ ਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤੇ ਹਨ। ਇਸ ਸਰਕਾਰੀ ਬੁਲਾਰੇ ਨੇ ਅੱਜ ਇਥੇ ਦੱਸਿਆ ਕਿ ਮੁੱਖ ਮੰਤਰੀ ਨੇ ਭਰਤੀ ਅਤੇ ਪਦਉੱਨਤੀ ਦੇ ਸਾਰੇ ਕੇਸਾਂ 'ਚ ਡਰਗ ਸਕ੍ਰੀਨਿੰਗ ਲਾਜ਼ਮੀ ਬਨਾਉਣ ਲਈ ਹੁਕਮ ਦਿੱਤੇ ਹਨ। ਉਨ੍ਹਾਂ ਨੇ ਡਿਊਟੀ ਦੀ ਕਿਸਮ ਦੇ ਅਨੁਸਾਰ ਕੁੱਝ ਵਿਸ਼ੇਸ਼ ਮਾਮਲਿਆਂ 'ਚ ਹੁੰਦੇ ਸਲਾਨਾ ਡਾਕਟਰੀ ਜ਼ਾਇਜੇ ਦੌਰਾਨ ਵੀ ਇਹ ਟੈਸਟ ਕਰਵਾਉਣ ਲਈ ਆਖਿਆ ਹੈ। ਸਰਕਾਰੀ ਬੁਲਾਰੇ ਅਨੁਸਾਰ ਇਸ ਹੁਕਮ ਨਾਲ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਵਿੱਚ ਸਭਨਾ ਤਰ੍ਹਾਂ ਦੀ ਭਰਤੀ ਅਤੇ ਪਦਉੱਨਤੀ ਮੌਕੇ ਡੋਪ ਟੈਸਟ ਲਾਜ਼ਮੀ ਹੋਵੇਗਾ। ਇਸੇ ਤਰ੍ਹਾਂ ਹੀ ਪੰਜਾਬ ਸਰਕਾਰ ਦੇ ਸਾਰੇ ਸਿਵਲੀਅਨ/ ਪੁਲਿਸ ਮੁਲਾਜ਼ਮਾਂ ਦੇ ਸਲਾਨਾ ਡਾਕਟਰੀ ਜ਼ਾਇਜੇ ਦੌਰਾਨ ਵੀ ਇਹ ਟੈਸਟ ਜ਼ਰੂਰੀ ਹੋਵੇਗਾ। ਪੰਜਾਬ ਵਿਚੋਂ ਨਸ਼ਿਆਂ ਦੇ ਖਾਤਮੇ ਲਈ ਪਿਛਲੇ ਤਿੰਨ ਦਿਨਾਂ ਦੌਰਾਨ ਮੁੱਖ ਮੰਤਰੀ ਵਲੋਂ ਕੀਤੀਆਂ ਲੜੀਵਾਰ ਪਹਿਲਕਦਮੀਆਂ ਦਾ ਇਹ ਹੁਕਮ ਇਕ ਹਿੱਸਾ ਹਨ। ਐਨ ਡੀ ਪੀ ਐਸ ਐਕਟ ਵਿੱਚ ਸੋਧ ਦੇ ਰਾਹੀਂ ਨਸ਼ਿਆਂ ਦੇ ਸਬੰਧ ਵਿੱਚ ਪਹਿਲੀ ਵਾਰ ਅਪਰਾਧ ਕਰਨ ਵਾਲੇ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੀ ਕੇਂਦਰ ਨੂੰ ਮੰਤਰੀ ਮੰਡਲ ਵਲੋਂ ਕੀਤੀ ਗਈ ਸਿਫਾਰਿਸ਼ ਦੇ ਸਮੇਂ ਹੀ ਮੁੱਖ ਮੰਤਰੀ ਨੇ ਇਸ ਬਾਰੇ ਵੀ ਫੈਸਲਾ ਲੈ ਲਿਆ ਸੀ।  ਮੁੱਖ ਮੰਤਰੀ ਨੇ ਨਸ਼ਿਆਂ ਦੇ ਸਮੱਗਲਰਾਂ ਨੂੰ ਆਪਣੀਆਂ ਇਹ ਘਿਨਾਉਣੀਆਂ ਕਾਰਵਾਈਆਂ ਛੱਡਣ ਜਾਂ ਸਖਤ ਕਾਰਵਾਈ ਦਾ ਸਾਹਮਣਾ ਕਰਨ ਦੀ ਪਹਿਲਾਂ ਹੀ ਚੇਤਾਵਨੀ ਦਿੱਤੀ ਹੋਈ ਹੈ।

ਹੋਰ ਖਬਰਾਂ »

ਚੰਡੀਗੜ