ਚੰਡੀਗੜ੍ਹ,  5 ਜੁਲਾਈ, (ਹ.ਬ.) : ਸੈਰ ਸਪਾਟਾ ਤੇ ਸੱਭਿਆਚਾਰਕ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸੁਪਨਮਈ ਪ੍ਰਾਜੈਕਟ ਪਾਣੀ ਵਾਲੀ ਬੱਸ ਦੀ ਨਿਲਾਮੀ ਦੇ ਆਦੇਸ਼ ਜਾਰੀ ਕਰ ਦਿੱਤੇ ਜਾਣਗੇ। ਸਿੱਧੂ ਨੇ ਇਹ ਫ਼ੈਸਲਾ ਕੈਗ ਦੀ ਰਿਪੋਰਟ ਦੇ ਆਧਾਰ 'ਤੇ ਲਿਆ ਹੈ। ਕਿਉਂਕਿ ਪਿਛਲੀ ਸਰਕਾਰ ਵਲੋਂ ਖਰੀਦੀ ਗਈ ਬੱਸ ਸਿਰਫ ਦਸ ਦਿਨ ਹੀ ਚਲ ਸਕੀ ਹੈ ਅਤੇ ਇਨ੍ਹਾਂ ਦਸ ਦਿਨਾਂ ਦੌਰਾਨ ਸਿਰਫ 70600 ਰੁਪਏ ਕਮਾਏ ਹਨ ਜਦ ਕਿ ਬਸ ਚਲਾਉਣ ਲਈ 8.62 ਕਰੋੜ ਰੁਪਏ ਖ਼ਰਚ ਆਏ ਹਨ।
ਨਵਜੋਤ ਸਿੱਧੂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਅਪਣੀ ਜ਼ਿੱਦ ਪੁਗਾਉਣ ਦੇ ਲਈ ਸਰਕਾਰੀ ਖਜ਼ਾਨੇ ਦੇ ਕਰੋੜਾਂ ਰੁਪਏ ਪਾਣੀ ਵਿਚ ਰੋੜ੍ਹ ਦਿੱਤੇ। ਉਨ੍ਹਾਂ ਕੈਗ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਪੰਜਾਬ ਹੈਰੀਟੇਜ ਟੂਰਿਜ਼ਮ ਪ੍ਰਮੋਸ਼ਨ ਬੋਰਡ ਨੇ 12 ਅਗਸਤ 2015 ਨੂੰ ਸੁਖਬੀਰ ਸਿੰਘ ਬਾਦਲ ਨਾਲ ਕੀਤੀ ਗਈ ਮੀਟਿੰਗ ਵਿਚ ਬਸ  ਚਲਾਉਣ ਦਾ ਫ਼ੈਸਲਾ ਲਿਆ ਸੀ ਤੇ ਦਸ ਸਤੰਬਰ 2015 ਨੂੰ ਉਨ੍ਹਾਂ ਨੇ ਬਸ ਚਲਾਉਣ ਲਈ 8 ਕਰੋੜ ਰੁਪਏ ਮਨਜ਼ੂਰ ਕੀਤੇ ਸਨ। ਗੋਆ ਦੀ ਕੰਪਨੀ ਨੇ 13 ਫਰਵਰੀ 2017 ਨੂੰ ਬਸ ਪੰਜਾਬ ਸਰਕਾਰ ਦੇ  ਹਵਾਲੇ ਕੀਤੀ ਤੇ 31 ਮਈ 2017 ਨੂੰ ਬਸ ਚਾਲੂ ਕੀਤੀ ਗਈ ਸੀ। ਬਸ ਸਿਰਫ ਦਸ ਦਿਨ ਚੱਲੀ ਤੇ 70600 ਰੁਪਏ ਦੀ ਆਮਦਨ ਹੋਈ। ਬੱਸ ਚਲਾਉਣ ਲਈ ਆਮਦਨ ਹੋਣ ਦੇ ਸਾਧਨਾਂ ਬਾਰੇ ਪੂਰੀ ਰਿਪੋਰਟ ਤਿਆਰ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਬਸ ਦੀ ਨਿਲਾਮੀ ਕਰਨ ਦਾ ਫ਼ੈਸਲਾ ਪੰਜਾਬ ਦੇ ਖਜ਼ਾਨੇ ਨੂੰ ਬਚਾਉਣ ਲਈ ਕੀਤਾ ਗਿਆ ਹੈ ਤੇ ਪੈਸਾ ਖਜ਼ਾਨੇ ਵਿਚ ਜਮ੍ਹਾ ਹੋਵੇਗਾ।

ਹੋਰ ਖਬਰਾਂ »