ਪੰਜਾਬ ਅਤੇ ਇਜ਼ਰਾਈਲ ਜਲ ਸੰਭਾਲ ਤੇ ਸੁਰੱਖਿਆ ਦੇ ਖੇਤਰਾਂ ਵਿੱਚ ਆਪਸੀ ਸਹਿਯੋਗ ਲਈ ਸਹਿਮਤ

ਚੰਡੀਗੜ੍ਹ,  6 ਜੁਲਾਈ, (ਹ.ਬ.) :  ਪੰਜਾਬ ਤੇ ਇਜ਼ਰਾਈਲ ਨੇ ਜਲ ਸੰਭਾਲ ਤੇ ਸੁਰੱਖਿਆ ਦੇ ਨਾਜ਼ੁਕ ਖੇਤਰਾਂ ਵਿੱਚ ਤਕਨਾਲੋਜੀ ਦੇ ਆਦਾਨ-ਪ੍ਰਦਾਨ ਤੋਂ ਇਲਾਵਾ ਖੇਤੀਬਾੜੀ ਅਤੇ ਸਮਾਜਿਕ ਵਿਕਾਸ ਦੇ ਖੇਤਰਾਂ ਵਿੱਚ ਆਪਸੀ ਮਿਲਵਰਤਣ 'ਤੇ ਸਹਿਮਤੀ ਪ੍ਰਗਟਾਈ ਹੈ। ਅੱਜ ਇੱਥੇ ਨਾਸ਼ਤੇ 'ਤੇ ਹੋਈ ਮੀਟਿੰਗ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਇਜ਼ਾਈਰਲ ਦੇ ਭਾਰਤੀ ਸਫ਼ੀਰ ਡੇਨੀਅਲ ਕਾਰਮੋਨ ਨੇ ਦੁਵੱਲੇ ਹਿੱਤ ਵਾਲੇ ਅਹਿਮ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕੀਤਾ। ਮੁੱਖ ਮੰਤਰੀ ਦੀ ਇਸ ਮਹੀਨੇ ਦੇ ਅਖੀਰ ਵਿੱਚ ਭਾਰਤ ਤੋਂ ਨਿਰਾਧਤ ਰਵਾਨਗੀ ਤੋਂ ਪਹਿਲਾਂ ਇਜ਼ਾਈਰਲ ਸਫ਼ੀਰ ਨੇ ਉਨ੍ਹਾਂ ਨਾਲ ਸ਼ਿਸ਼ਟਾਚਾਰ ਦੇ ਨਾਤੇ ਮੁਲਾਕਾਤ ਕੀਤੀ।  ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਪਾਸੋਂ ਉਨ੍ਹਾਂ ਦੇ ਇਜ਼ਰਾਈਲ ਦੌਰੇ ਨੂੰ ਪ੍ਰਵਾਨਗੀ ਮਿਲਣ ਨਾਲ ਉਹ ਛੇਤੀ ਹੀ ਪੱਛਮੀ ਏਸ਼ੀਆਈ ਮੁਲਕ ਦਾ ਦੌਰਾ ਕਰਨ ਦੇ ਇਛੁੱਕ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਜ਼ਮੀਨੀ ਪਾਣੀ ਦੀ ਸੰਭਾਲ ਸਬੰਧੀ ਕਾਇਮ ਕੀਤੀ ਪੰਜ ਮੈਂਬਰੀ ਕੈਬਨਿਟ ਸਬ-ਕਮੇਟੀ ਇਜ਼ਰਾਇਲ ਦਾ ਦੌਰਾ ਕਰੇਗੀ, ਉਨ੍ਹਾਂ ਨੂੰ ਇਸ ਤੋਂ ਪਹਿਲਾਂ ਕੁਝ ਜ਼ਰੂਰੀ ਸਮਝੌਤੇ ਸਹੀਬੰਦ ਕਰਨ ਹੋਣ ਦੀ ਆਸ ਹੈ। ਉਨ੍ਹਾਂ ਨੇ ਰਾਜਦੂਤ ਨੂੰ ਦੱਸਿਆ ਕਿ ਖੇਤੀ ਵੰਨ-ਸੁਵੰਨਤਾ ਬਾਰੇ ਇਜ਼ਰਾਈਲ ਵੱਲੋਂ ਵਰਤੇ ਜਾਂਦੇ ਢੰਗ-ਤਰੀਕਿਆਂ ਦਾ ਅਧਿਐਨ ਕਰਨ ਲਈ ਕੈਬਨਿਟ ਸਬ-ਕਮੇਟੀ ਦਾ ਗਠਨ ਕੀਤਾ ਗਿਆ ਹੈ ਤਾਂ ਕਿ ਪਾਣੀ ਦੀ ਖਪਤ ਘੱਟ ਕਰਨ ਦੇ ਨਾਲ-ਨਾਲ ਅਜਾਈਂ ਜਾਂਦੇ ਪਾਣੀ ਦੀ ਮੁੜ ਵਰਤੇ ਕੀਤੀ ਜਾ ਸਕੇ।
ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ ਗੰਭੀਰ ਸੰਕਟ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਮੱਸਿਆ ਨਾਲ ਨਜਿੱਠਣ ਲਈ ਇਜ਼ਰਾਈਲ ਸਰਕਾਰ ਦੀ ਛੱਤਰੀ ਹੇਠ ਆਧੁਨਿਕ ਤਕਨਾਲੋਜੀ ਨਾਲ ਲੈਸ ਪ੍ਰਾਈਵੇਟ ਕੰਪਨੀਆਂ ਰਾਹੀਂ ਪਾਇਲਟ ਪ੍ਰਾਜੈਕਟ ਚਲਾਉਣ ਦਾ ਸੁਝਾਅ ਦਿੱਤਾ। ਇਜ਼ਰਾਈਲ ਦੇ ਰਾਜਦੂਤ ਨੇ ਸੁਝਾਅ ਦਿੱਤਾ ਸੀ ਕਿ ਇਜ਼ਰਾਈਲ ਦੀ ਇਕ ਸਰਕਾਰੀ ਏਜੰਸੀ 'ਨਿਊਟੈੱਕ' ਭਾਰਤ ਦੀਆਂ ਸੂਬਾ ਸਰਕਾਰਾਂ ਅਤੇ ਉਨ੍ਹਾਂ ਦੇ ਮੁਲਕ ਵਿੱਚ ਪ੍ਰਾਈਵੇਟ ਕੰਪਨੀਆਂ ਨਾਲ ਤਾਲਮੇਲ ਕਰਦੀ ਹੈ ਜਿਸ ਪਿੱਛੋਂ ਮੁੱਖ ਮੰਤਰੀ ਨੇ ਪਾਇਲਟ ਪ੍ਰਾਜੈਕਟਾਂ ਬਾਰੇ ਇੱਛਾ ਜ਼ਾਹਰ ਕੀਤੀ ਸੀ। ਰਾਜਦੂਤ ਨੇ ਇਹ ਵੀ ਦੱਸਿਆ ਕਿ ਗੁਜਰਾਤ ਅਤੇ ਮਹਾਰਾਸ਼ਟਰ ਵਿੱਚ ਤਿੰਨ ਇਜ਼ਾਈਲੀ ਕੰਪਨੀਆਂ ਤੁਪਕਾ ਸਿੰਜਾਈ ਪ੍ਰਾਜੈਕਟਾਂ 'ਤੇ ਕੰਮ ਕਰ ਰਹੀਆਂ ਹਨ। ਰਾਜਦੂਤ ਨੇ ਆਖਿਆ ਕਿ ਪੰਜਾਬ ਸਰਕਾਰ ਉਨ੍ਹਾਂ ਕੰਪਨੀਆਂ ਦੀ ਨਿਸ਼ਾਨਦੇਹੀ ਕਰੇ, ਜਿਨ੍ਹਾਂ ਕੰਪਨੀਆਂ ਨਾਲ ਉਹ ਕੰਮ ਕਰਨ ਦੀ ਇਛੁੱਕ ਹੈ। ਉਨ੍ਹਾਂ ਨੇ ਵਾਅਦਾ ਕੀਤਾ ਕਿ ਦੋਵਾਂ ਸਰਕਾਰ ਦਰਮਿਆਨ ਲੋੜੀਂਦੇ ਸਮਝੌਤੇ ਸਹੀਬੰਦ ਕਰਨ ਵਿੱਚ ਮਦਦ ਕਰਨ ਲਈ ਸੂਬਾ ਸਰਕਾਰ ਦੀਆਂ ਤਜਵੀਜ਼ਾਂ ਦੀ ਘੋਖ ਕਰਨਗੇ। ਸਫ਼ੀਰ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਆਪਣੇ ਭਾਰਤੀ ਹਮਰੁਤਬਾ ਨੂੰ ਪਿਛਲੇ ਇਕ ਸਾਲ ਵਿੱਚ ਦੋ ਵਾਰ ਮਿਲੇ ਹਨ ਜਿਸ ਦੌਰਾਨ ਬਰਬਾਦ ਹੁੰਦੇ ਪਾਣੀ ਨੂੰ ਸੋਧਣ ਅਤੇ ਸ਼ੋਰਾ ਖਤਮ ਕਰਨ ਦੀ ਪ੍ਰਣਾਲੀ ਨਾਲ ਸਬੰਧਤ ਤਕਨਾਲੋਜੀ ਸਾਂਝੀ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਬਾਗਬਾਨੀ ਅਤੇ ਖੇਤੀਬਾੜੀ ਤੋਂ ਬਾਅਦ ਅਗਲਾ ਖੇਤਰ ਪਾਣੀ ਹੈ ਜਿਸ ਵਿੱਚ ਇਜ਼ਰਾਈਲ ਵੱਲੋਂ ਭਾਰਤ ਨਾਲ ਵੱਡੇ ਪੱਧਰ 'ਤੇ ਕੰਮ ਕੀਤਾ ਜਾ ਰਿਹਾ ਹੈ।
ਕਾਰਮੋਨ ਨੇ ਦੱਸਿਆ ਕਿ ਪੀਣ ਵਾਲੇ ਪਾਣੀ ਦੀ ਸੰਭਾਲ ਲਈ ਭਾਰਤ ਵੱਲੋਂ ਆਰੰਭੀ ਮੁਹਿੰਮ ਵਿੱਚ ਇਜ਼ਰਾਈਲ ਵੀ ਸ਼ਾਮਲ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਮਾਹਿਰਾਂ ਵੱਲੋਂ ਛੇਤੀ ਹੀ ਉੱਤਰ ਪ੍ਰਦੇਸ਼ ਦੀ ਸਰਕਾਰ ਨਾਲ ਸਮਝੌਤਾ ਸਹੀਬੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨਾਲ ਵੀ ਅਜਿਹਾ ਸਮਝੌਤਾ ਨਾ ਕਰਨ ਦਾ ਕੋਈ ਕਾਰਨ ਨਜ਼ਰ ਨਹੀਂ ਆਉਂਦਾ। ਮੁੱਖ ਮੰਤਰੀ ਨੇ ਪੰਜਾਬ ਅਤੇ ਇਜ਼ਰਾਈਲ ਦੀਆਂ ਯੂਨੀਵਰਸਿਟੀਆਂ ਦਰਮਿਆਨ ਆਪਸੀ ਗਿਆਨ ਤੇ ਵਿਚਾਰ ਸਾਂਝੇ ਕਰਨ ਦਾ ਪ੍ਰਸਤਾਵ ਵੀ ਰੱਖਿਆ। ਰਾਜਦੂਤ ਨੇ ਸਮਾਜਿਕ ਵਿਕਾਸ 'ਤੇ ਇਕਜੁਟ ਹੋ ਕੇ ਕੰਮ ਕਰਨ ਦੀ ਤਜਵੀਜ਼ ਰੱਖੀ ਜਿਸ ਲਈ ਉਨ੍ਹਾਂ ਦੇ ਮੁਲਕ ਨੇ ਪਹਿਲਾਂ ਹੀ ਸੰਕਲਪ ਪੇਪਰ ਤਿਆਰ ਕੀਤਾ ਹੋਇਆ ਹੈ ਜਿਸ ਨੂੰ ਪੰਜਾਬ ਸਰਕਾਰ ਨਾਲ ਸਾਂਝਾ ਕੀਤਾ ਜਾ ਸਕਦਾ ਹੈ।
 

ਹੋਰ ਖਬਰਾਂ »