ਸਿਰਫ਼ ਦਸਤਾਰ ਜਾਂ ਪੱਗ ਸਜਾਉਣ ਵਾਲੀ ਔਰਤਾਂ ਨੂੰ ਮਿਲੇਗੀ ਛੋਟ

ਚੰਡੀਗੜ੍ਹ,  7 ਜੁਲਾਈ, (ਹ.ਬ.) : ਹੁਣ ਔਰਤਾਂ ਚੰਡੀਗੜ੍ਹ ਵਿਚ ਬਿਨਾਂ ਹੈਲਮੇਟ ਦੇ ਵਾਹਨ ਨਹੀਂ ਚਲਾ ਸਕਦੀਆਂ। ਨਾਲ ਹੀ ਦੋ ਪਹੀਆ ਵਾਹਨ 'ਤੇ ਪਿੱਛੇ ਬੈਠਣ ਲਈ ਵੀ ਹੈਲਮੇਟ ਪਾਉਣਾ ਜ਼ਰੂਰੀ ਕਰ ਦਿੱਤਾ ਗਿਆ ਹੈ। ਅਜਿਹਾ ਨਹੀਂ ਕਰਨ 'ਤੇ ਟਰੈਫ਼ਿਕ ਪੁਲਿਸ ਚਲਾਨ ਕਰੇਗੀ।ਪ੍ਰਸ਼ਾਸਕ ਬੀਪੀ ਸਿੰਘ ਬਦਨੌਰ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਯੂਟੀ ਪ੍ਰਸ਼ਾਸਨ ਨੇ ਇਸ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਅਧਿਕਾਰਕ ਤੌਰ 'ਤੇ ਲਾਗੂ ਕਰ ਦਿੱਤਾ ਹੈ। ਪਬਲਿਕ ਦੇ ਨਾਲ ਟਰੈਫਿਕ ਪੁਲਿਸ ਨੂੰ ਵੀ ਇਹ ਨਿਯਮ ਪਾਲਣ ਕਰਾਉਣ ਦੇ ਲਈ ਲਿਖ ਦਿੱਤਾ ਹੈ। ਹੁਣ ਟਰੈਫ਼ਿਕ ਪੁਲਿਸ ਇਸ ਨੂੰ ਅਮਲ ਕਰਾਉਣਾ ਸ਼ੁਰੂ ਕਰੇਗੀ।  ਹੈਲਮੇਟ ਪਾਉਣ ਵਿਚ ਸਿਰਫ ਉਨ੍ਹਾਂ ਔਰਤਾਂ ਨੂੰ ਛੋਟ ਮਿਲੇਗੀ ਜੋ ਸਿਰ 'ਤੇ ਦਸਤਾਰ ਜਾਂ ਪੱਗ ਸਜਾਉਂਦੀਆਂ ਹਨ। ਚਾਹੇ ਉਹ ਕਿਸੇ ਵੀ ਧਰਮ ਨਾਲ ਸਬੰਧ ਕਿਉਂ ਨਾ ਰੱਖਦੀਆਂ ਹੋਣ। ਇਸ ਤੋਂ ਇਲਾਵਾ ਸਾਰੀਆਂ ਔਰਤਾਂ ਨੂੰ ਹੈਲਮੇਟ ਪਾਉਣਾ ਜ਼ਰੂਰੀ ਹੋਵੇਗਾ।ਮੋਟਰ ਵਹੀਕਲ ਐਕਟ 1988 ਤਹਿਤ ਚੰਡੀਗੜ੍ਹ ਮੋਟਰ ਵਹੀਕਲ ਰੂਲਸ 1990 ਦੇ ਰੂਲ 193 ਵਿਚ ਸੋਧ ਕੀਤੀ ਗਈ ਹੈ ਜਿਸ ਵਿਚ ਔਰਤਾਂ ਲਈ ਵੀ ਹੈਲਮੇਟ ਜ਼ਰੂਰੀ ਕਰ ਦਿੱਤਾ ਗਿਆ ਹੈ। ਇਸ ਵਿਚ ਪਹਿਲਾਂ ਸਿੱਖ ਔਰਤਾਂ ਸ਼ਬਦ ਨੂੰ ਸੋਧ ਕੇ ਪੱਗ ਜਾਂ ਦਸਤਾਰ ਬੰਨ੍ਹਣ ਵਾਲੀਆਂ ਔਰਤਾਂ ਕੀਤਾ ਗਿਆ ਹੈ। ਜਿਸ ਨਾਲ ਜੋ ਔਰਤਾਂ ਪੱਗ ਜਾਂ ਦਸਤਾਰ ਬੰਨ੍ਹਦੀਆਂ ਹਨ ਉਨ੍ਹਾਂ ਨੂੰ ਹੀ ਛੋਟ ਮਿਲੇਗੀ। ਟਰਾਂਸਪੋਰਟ ਵਿਭਾਗ ਨੇ  ਵੂਮੈਨ ਹੈਲਮੇਟ ਦੇ ਡਰਾਫਟ ਨੋਟੀਫਿਕੇਸ਼ਨ 'ਤੇ ਜੋ ਸੁਝਾਅ ਮੰਗੇ ਸਨ। ਉਨ੍ਹਾਂ ਵਿਚੋਂ 95 ਫ਼ੀਸਦੀ ਨੇ ਇਸ ਨੂੰ ਔਰਤਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਸਹੀ ਕਦਮ ਦੱਸਿਆ ਸੀ। ਜਿਸ ਨੂੰ ਦੇਖਦੇ ਹੋਏ ਟਰਾਂਸਪੋਰਟ ਵਿਭਾਗ ਨੇ ਇਸ ਨੂੰ ਔਰਤਾਂ ਲਈ ਜ਼ਰੂਰੀ ਕੀਤੇ ਜਾਣ ਦੀ ਰਿਕਮੈਂਡੇਸ਼ਨ ਕਰਕੇ ਪ੍ਰਸ਼ਾਸਨ ਦੀ ਮਨਜ਼ੂਰੀ ਲਈ ਭੇਜਿਆ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.