ਪਿਓਂਗਯਾਂਗ,  10 ਜੁਲਾਈ, (ਹ.ਬ.) : ਜਾਪਾਨ ਵਿਚ ਹੋ ਰਹੀ ਲਗਾਤਾਰ ਬਾਰਸ਼ ਕਾਰਨ ਜ਼ਮੀਨ ਧਸਣ ਅਤੇ ਹੜ੍ਹ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 122 ਹੋ ਗਈ ਹੈ। ਜਾਪਾਨ ਦੇ ਜਨਤਕ ਪ੍ਰਸਾਰਣਕਰਤਾ ਐਨਐਚਕੇ ਨੇ ਦੱਸਿਆ ਕਿ 122 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਅੱਠ ਲੋਕ ਗੰਭੀਰ ਤੌਰ 'ਤੇ ਜ਼ਖਮੀ ਹਨ ਅਤੇ ਅਜੇ ਦਰਜਨਾਂ ਲੋਕ ਲਾਪਤਾ ਹਨ।ਹੜ੍ਹ ਕਾਰਨ ਤਬਾਹੀ ਤੋਂ ਬਾਅਦ ਜਾਪਾਨੀ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ 4 ਦੇਸ਼ਾਂ ਦੀ ਅਪਣੀ ਵਿਦੇਸ਼ ਯਾਤਰਾ ਰੱਦ ਕਰ ਦਿੱਤੀ ਹੈ। ਆਬੇ ਬੁੱਧਵਾਰ ਤੋਂ ਬੈਲਜੀਅਮ, ਫਰਾਂਸ, ਸਾਊਦੀ ਅਰਬ ਅਤੇ ਮਿਸਰ ਦੀ ਯਾਤਰਾ ਕਰਨ ਵਾਲੇ ਸਨ। ਉਹ ਇਸ ਹਫ਼ਤੇ ਹੜ੍ਹ ਪ੍ਰਭਾਵਤ ਖੇਤਰਾਂ ਦਾ ਦੌਰਾ ਸਕਦੇ ਹਨ।  ਹੜ੍ਹ ਕਾਰਨ ਫਸੇ ਲੋਕਾਂ ਦੀ ਮਦਦ ਦੇ ਲਈ 70 ਹਜ਼ਾਰ ਤੋਂ ਜ਼ਿਆਦਾ ਕਰਮੀਆਂ ਨੂੰ ਤੈਨਾਤ ਕੀਤਾ ਗਿਆ ਹੈ।
ਐਨਐਚਕੇ ਨੇ ਕਿਹਾ ਕਿ 122 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਜਿਨ੍ਹਾਂ ਵਿਚ ਲੋਕ ਭਾਰੀ ਬਾਰਸ਼ ਅਤੇ ਜ਼ਮੀਨ ਧਸਣ ਕਾਰਨ ਸਭ ਤੋਂ ਜ਼ਿਆਦਾ ਪ੍ਰਭਾਵਤ ਹਿਰੋਸ਼ਿਮਾ ਸੂਬੇ ਅਤੇ  ਏਹਾਈਮ ਸੂਬੇ ਤੋਂ ਹਨ। ਜਦ ਕਿ ਪੱਛਮੀ ਅਤੇ ਦੱਖਣੀ-ਪੱਛਮੀ ਜਾਪਾਨ ਦੇ ਫੁਫੁਓਕਾ, ਕਿਓਟੋ, ਓਕਾਯਾਮਾ, ਕੋਚੀ, ਸ਼ਿਗਾ, ਯਾਮਾਗੁਚੀ ਸੂਬਿਆਂ ਤੋਂ ਵੀ ਲੋਕਾਂ ਦੇ ਮਰਨ ਦੀ ਖ਼ਬਰਾਂ ਮਿਲੀਆਂ ਹਨ। ਪੁਲਿਸ ਅਤੇ ਹੋਰ ਬਚਾਅ ਦਲ ਤੇ ਜਾਪਾਨ ਦੇ ਹਜ਼ਾਰਾਂ ਜਵਾਨ ਭਾਰੀ ਬਾਰਸ਼ ਤੋਂ ਬਾਅਦ ਆਏ ਹੜ੍ਹ ਤੇ ਜ਼ਮੀਨ ਧਸਣ ਕਾਰਨ ਫਸੇ ਲੋਕਾਂ ਦੀ ਭਾਲ ਕਰਨ  ਅਤੇ ਉਨ੍ਹਾਂ ਬਚਾਉਣ ਵਿਚ ਜੁਟੇ ਹਨ। ਜਦ ਕਿ 700 ਹੈਲੀਕਾਪਟਰਾਂ ਦੀ ਵੀ ਮਦਦ ਲਈ ਜਾ ਰਹੀ ਹੈ।  ਸੋਮਵਾਰ ਨੂੰ ਬਾਰਸ਼ ਵਿਚ ਕਮੀ ਆਈ। ਹਾਲਾਂਕਿ ਅਧਿਕਾਰੀਆਂ ਮੁਤਾਬਕ ਖ਼ਤਰਾ ਅਜੇ ਟਲਿਆ ਨਹੀਂ ਹੈ। ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਭਾਰੀ ਵਰਖਾ ਕਾਰਨ ਪਹਾੜੀ ਖੇਤਰਾਂ ਦੀ ਢਲਾਨਾਂ ਵਿਚ ਜ਼ਮੀਨ ਢਿੱਲੀ ਹੋਈ ਹੈ ਜਿਸ ਕਾਰਨ ਨਵਾਂ ਖਤਰਾ ਪੈਦਾ ਹੋ ਗਿਆ ਹੈ। 
ਬੀਤੀ ਸ਼ਾਮ ਤੱਕ 15 ਸੂਬਿਆਂ ਦੇ 25 ਲੱਖ ਲੋਕ ਅਜੇ ਵੀ ਸੁਰÎਖਿਅਤ ਥਾਵਾਂ ਵੱਲ ਨਿਕਲ ਰਹੇ ਸੀ। ਜਪਾਨ ਦੇ ਜ਼ਮੀਨ, ਬੁਨਿਆਦੀ ਢਾਂਚਾ, ਟਰਾਂਸਪੋਰਟ ਅਤੇ ਸੈਰ ਸਪਾਟਾ ਮੰਤਰਾਲੇ ਦੇ ਅਨੁਸਾਰ ਰਿਕਾਰਡ ਤੋੜ ਬਾਰਸ਼ ਕਾਰਨ ਜਾਪਾਨ ਦੇ 47 ਵਿਚੋਂ 28 ਸੂਬਿਆਂ ਵਿਚ 201 ਥਾਵਾਂ 'ਤੇ ਜ਼ਮੀਨ ਧਸਣ ਜਿਹੀ ਭੁਗੋਲਿਕ ਘਟਨਾਵਾਂ ਵਾਪਰੀਆਂ ਹਨ। ਜਾਪਾਨ ਮੌਸਮ ਏਜੰਸੀ ਨੇ ਦੱਸਿਆ ਕਿ ਇਕ ਸਰਗਰਮ ਮੌਸਮੀ ਬਾਰਸ਼ ਦੇ ਰੁਖ ਦੇ ਕਾਰਨ ਜਾਪਾਨ ਦੇ ਸਭ ਤੋਂ ਪੂਰਵੀ ਅਤੇ ਪੱਛਮੀ ਖੇਤਰਾਂ ਵਿਚ ਮੋਹਲੇਧਾਰ ਬਾਰਸ਼ ਹੋ ਰਹੀ ਹੈ। ਜਾਪਾਨ ਦੇ ਕਿੰਕੀ ਖੇਤਰ ਵਿਚ ਮੋਹਲੇਧਾਰ ਬਾਰਸ਼ ਤੋਂ ਬਾਅਦ ਹੜ੍ਹ ਤੇ ਜ਼ਮੀਨ ਧਸਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। 
 

ਹੋਰ ਖਬਰਾਂ »