ਨਡਾਲਾ, 10 ਜੁਲਾਈ, (ਹ.ਬ.) : ਰੋਜ਼ੀ ਰੋਟੀ ਦੀ ਭਾਲ ਲਈ ਅਮਰੀਕਾ ਜਾ ਰਹੇ ਨਡਾਲਾ ਵਾਸੀ ਸੁਨੀਲ ਕੁਮਾਰ ਪੁੱਤਰ ਦਵਿੰਦਰ ਕੁਮਾਰ ਕਾਕਾ ਦੀ ਪਨਾਮਾ ਦੇ ਜੰਗਲਾਂ ਵਿਚ ਮੌਤ ਹੋ ਗਈ। ਉਕਤ ਨੌਜਵਾਨ ਮਾਪਿਆਂ ਦਾ ਇੱਕਲੌਤਾ ਪੁੱਤਰ ਤੇ ਦੋ ਭੈਣਾਂ ਦਾ ਭਰਾ ਸੀ। ਇਸ ਸਮੇਂ ਪਰਿਵਾਰ ਕਿਰਾਏ ਦੇ ਮਕਾਨ ਵਿਚ ਨਡਾਲਾ ਵਿਖੇ ਰਹਿ ਰਿਹਾ ਹੈ। ਉਸ ਦੇ ਪਿਤਾ ਦਵਿੰਦਰ ਕੁਮਾਰ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦੀ ਗੁਰਦੁਆਰਾ ਬਾਉਲੀ ਸਾਹਿਬ ਮਾਰਕੀਟ ਵਿਚ ਕਪੜੇ ਦੀ ਦੁਕਾਨ ਹੈ। ਸੁਨੀਲ ਦੇ ਦੋਸਤ ਬਣੇ ਪਿੰਡ ਟਾਂਡੀ ਦਾਖਲੀ ਵਾਸੀ ਕਥਿਤ ਏਜੰਟ ਜਸਬੀਰ ਸਿੰਘ ਨੇ ਉਸ ਨੂੰ 23 ਲੱਖ 50 ਹਜ਼ਾਰ ਵਿਚ ਅਮਰੀਕਾ ਭੇਜਣ ਦੀ ਗੱਲ ਕੀਤੀ ਸੀ, ਜਿਸ ਲਈ ਉਹ 19 ਲੱਖ ਰੁਪਏ ਤੇ ਪਾਸਪੋਰਟ ਲੈ ਗਿਆ। ਸੁਨੀਲ ਬੀਤੀ 21 ਅਪ੍ਰੈਲ ਨੂੰ ਅਮਰੀਕਾ ਜਾਣ ਲਈ ਘਰੋਂ ਰਵਾਨਾ ਹੋਇਆ ਤੇ 24 ਅਪ੍ਰੈਲ ਨੂੰ ਫਲਾਈਟ ਰਾਹੀਂ ਦਿੱਲੀ ਤੋਂ ਪਨਾਮਾ ਪੁੱਜ ਗਿਆ। ਬੀਤੀ 8 ਜੂਨ ਨੂੰ ਉਨ੍ਹਾਂ ਦੀ ਆਪਣੇ ਪੁੱਤਰ ਨਾਲ ਰਾਹ ਵਿਚ ਪੈਂਦੇ ਜੰਗਲ ਰਾਹੀਂ ਜਾਂਦਿਆਂ ਆਖਰੀ ਵਾਰ ਗੱਲ ਕੀਤੀ ਸੀ, ਜਿਸ ਨਾਲ ਮੁੜ ਕੋਈ ਸੰਪਰਕ ਨਹੀਂ ਹੋ ਸਕਿਆ। ਬੀਤੇ ਦਿਨੀ ਉਨ੍ਹਾਂ ਨੂੰ ਪਿਹੋਵਾ (ਹਰਿਆਣਾ) ਵਾਸੀ ਕੰਵਰ ਸਿੰਘ ਦੇ ਉਸੇ ਰਸਤੇ ਅਮਰੀਕਾ ਜਾ ਰਹੇ ਭਰਾ ਗੁਰਜੀਤ ਸਿੰਘ ਤੇ ਸਥਾਨਕ ਮੀਡੀਆ ਕਰਮੀਆਂ ਰਾਹੀਂ ਪਤਾ ਲੱਗਾ ਕਿ ਸੁਨੀਲ ਕੁਮਾਰ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਪਨਾਮਾ ਦੇ ਜੰਗਲਾਂ ਵਿਚੋਂ ਲੰਘਦੇ ਸਮੇਂ ਉਸ ਦੀ ਲੱਤ 'ਤੇ ਕਿਸੇ ਕਾਰਨ ਜ਼ਖ਼ਮ ਹੋ ਗਏ, ਜਿਸ ਕਾਰਨ ਉਹ ਚੱਲਣ ਫਿਰਨ ਤੋਂ ਅਸਮਰੱਥ ਹੋ ਚੁੱਕਾ ਸੀ। ਇਸ ਲਈ ਮਨੁੱਖੀ ਤਸਕਰਾਂ ਨੇ ਉਸ ਨੂੰ ਮਾਰ ਦਿੱਤਾ। ਇਸ ਦੌਰਾਨ ਨਦੀ ਵਿਚ ਡਿੱਗਣ ਕਾਰਨ ਉਸ ਦੀ 10 ਦਿਨ ਪਹਿਲਾਂ  ਮੌਤ ਹੋ ਗਈ। ਉਸ ਦੀ ਮੌਤ ਦੀ ਖਬਰ 2 ਦਿਨ ਬਾਅਦ ਪਨਾਮਾ ਦੇ ਬਾਰਡਰ ਤੇ ਕੈਂਪ ਵਿਚ ਪੁੱਜੀ। ਇਸ ਦੌਰਾਨ ਉਥੇ ਮੌਜ਼ੂਦ ਪੰਜਾਬੀ ਨੌਜਵਾਨਾਂ ਨੇ 500 ਡਾਲਰ ਇਕੱਠੇ ਕਰਕੇ ਪਨਾਮਾਂ ਪੁਲਿਸ ਦੀ ਮਦਦ ਨਾਲ ਕੈਂਪ ਵਿਚ ਲਿਆ ਕੇ ਉਸ ਦਾ  ਸਸਕਾਰ ਕਰ ਦਿੱਤਾ। ਨੌਜਵਾਨ ਦੀ ਮੌਤ ਦੀ ਖ਼ਬਰ ਫੈਲਦਿਆਂ ਕਸਬੇ ਵਿਚ ਮਾਤਮ ਛਾ ਗਿਆ। ਦਵਿੰਦਰ ਕੁਮਾਰ ਨੇ ਕਿਹਾ ਕਥਿਤ ਏਜੰਟ ਨੇ ਉਸ ਨਾਲ ਧੋਖਾ ਕੀਤਾ ਹੈ। ਇਸ ਘਟਨਾ ਦੇ ਬਾਅਦ ਕਥਿਤ ਏਜੰਟ ਜਸਬੀਰ ਸਿੰਘ ਘਰ ਤੋਂ ਫਰਾਰ ਹੈ, ਉਸ ਦੇ ਘਰ ਨੂੰ ਤਾਲਾ ਲੱਗਿਆ ਹੋਇਆ ਹੈ। ਐੱਸਐੱਚਓ ਸੁਭਾਨਪੁਰ ਹਰਦੀਪ ਸਿੰਘ ਨੇ ਪੀੜਤਾਂ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਹੋਰ ਖਬਰਾਂ »

ਪੰਜਾਬ