ਚਿਆਂਗ ਰਾਈ,  10 ਜੁਲਾਈ, (ਹ.ਬ.) : ਉੱਤਰੀ ਥਾਈਲੈਂਡ ਦੀ ਹੜ੍ਹ ਪ੍ਰਭਾਵਿਤ ਥਾਮ ਲੁਆਂਗ ਗੁਫ਼ਾ ਵਿਚ ਫਸੇ ਚਾਰ ਹੋਰ ਬੱਚਿਆਂ ਨੂੰ ਜਾਂਬਾਜ਼ ਗੋਤਾਖੋਰਾਂ ਨੇ ਜਾਨ 'ਤੇ ਖੇਡ ਕੇ ਬਚਾਅ ਲਿਆ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਚਾਰ ਬੱਚਿਆਂ ਨੂੰ ਸੁਰੱਖਿਅਤ ਕੱਢਿਆ ਗਿਆ ਸੀ। ਇਸ ਤਰ੍ਹਾਂ ਸੋਮਵਾਰ ਨੂੰ ਅੱਠ ਬੱਚੇ ਗੁਫ਼ਾ ਵਿਚੋਂ ਕੱਢੇ ਜਾ ਚੁੱਕੇ ਹਨ। ਬਾਕੀ ਬਚੇ ਚਾਰ ਬੱਚਿਆਂ ਤੇ ਉਨ੍ਹਾਂ ਦੇ ਸਹਾਇਕ ਕੋਚ ਨੂੰ ਕੱਢਣ ਲਈ ਮੰਗਲਵਾਰ ਨੂੰ ਮੁੜ ਮੁਹਿੰਮ ਚਲਾਈ ਜਾਵੇਗੀ। ਪ੍ਰਧਾਨ ਮੰਤਰੀ ਨੇ ਵੀ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਮੁਹਿੰਮ ਦਾ ਜਾਇਜ਼ਾ ਲਿਆ। ਹਨੇਰਾ ਹੋਣ ਕਾਰਨ ਸੋਮਵਾਰ ਦੀ ਮੁਹਿੰਮ ਖ਼ਤਮ ਕਰ ਦਿੱਤੀ ਗਈ ਹੈ। ਅੱਜ ਕੱਢੇ ਗਏ ਬੱਚਿਆਂ ਦੀ ਸਿਹਤ ਦੀ ਜਾਂਚ ਲਈ ਚਿਆਂਗ ਰਾਈ ਦੇ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ ਗਿਆ ਹੈ। ਬਚਾਅ ਮੁਹਿੰਮ ਦੇ ਮੁਖੀ ਨਾਰੋਂਗਸਕ ਓਸੋੱਤਨਾਕੋਰਨ ਨੇ ਦੱਸਿਆ ਕਿ ਅੱਜ ਦੀ ਮੁਹਿੰਮ ਵਿਚ ਵੀ ਉਸੇ ਟੀਮ ਨੂੰ ਅੰਦਰ ਭੇਜਿਆ ਗਿਆ ਸੀ, ਜਿਸ ਨੇ ਐਤਵਾਰ ਨੂੰ ਬੱਚਿਆਂ ਨੂੰ ਕੱਢਿਆ ਸੀ। ਥਾਮ ਲੁਆਂਗ ਗੁਫ਼ਾ 'ਤੇ ਇਸ ਸਮੇਂ ਦੁਨੀਆ ਭਰ ਦੀਆਂ ਨਜ਼ਰਾਂ ਟਿਕੀਆਂਂ ਹੋਈਆਂ ਹਨ। ਵਾਈਲਡ ਬੋਰਸ ਫੁੱਟਬਾਲ ਟੀਮ ਦੇ ਬੱਚਿਆਂ ਤੇ ਉਨ੍ਹਾਂ ਦੇ ਕੋਚ ਨੂੰ ਸੁਰੱਖਿਅਤ ਕੱਢਣ ਲਈ ਕਈ ਦੇਸ਼ਾਂ ਦੇ ਆਫਤ ਪ੍ਰਬੰਧਨ ਮਾਹਰ ਦਿਨ-ਰਾਤ ਇਕ ਕੀਤੇ ਹੋਏ ਹਨ। 23 ਜੂਨ ਨੂੰ ਵਾਈਲਡ ਬੋਰਸ ਫੁੱਟਬਾਲ ਟੀਮ ਦੇ ਬੱਚੇ ਇਸ ਗੁਫ਼ਾ ਵਿਚ ਵੜੇ ਸਨ। ਅਚਾਨਕ ਤੇਜ਼ ਮੀਂਹ ਆਇਆ ਤੇ ਬੱਚੇ ਫਸ ਗਏ। ਗੁਫ਼ਾ ਹੁਣ ਵੀ ਪਾਣੀ ਨਾਲ ਭਰੀ ਹੋਈ ਹੈ। ਹਾਲਾਂਕਿ ਮਸ਼ੀਨ ਨਾਲ ਏਨਾ ਕੁ ਪਾਣੀ ਬਾਹਰ ਕੱਢ ਦਿੱਤਾ ਗਿਆ ਹੈ ਕਿ ਗੋਤਾਖੋਰ ਬੱਚਿਆਂ ਨੂੰ ਲਿਆਉਣ ਲਈ ਅੰਦਰ ਜਾਇਆ ਜਾ ਸਕੇ। ਬਰਤਾਨੀਆ ਦੇ ਗੋਤਾਖੋਰਾਂ ਨੇ ਪਿਛਲੇ ਹਫ਼ਤੇ ਅੰਦਰ ਜਾ ਕੇ ਪਤਾ ਲਗਾਇਆ ਸੀ ਕਿ ਕਈ ਕਿਲੋਮੀਟਰ ਅੰਦਰ ਬੱਚੇ ਆਪਣੇ ਸਹਾਇਕ ਕੋਚ ਨਾਲ ਚਿੱਕੜ ਭਰੀ ਜ਼ਮੀਨ 'ਤੇ ਬੈਠੇ ਹੋਏ ਹਨ। ਗੁਫ਼ਾ ਵਿਚ ਸੋਮਵਾਰ ਨੂੰ ਸਿਲੰਡਰ ਜ਼ਰੀਏ ਆਕਸਜੀਨ ਦੀ ਹੋਰ ਸਪਲਾਈ ਕੀਤੀ ਗਈ। ਸ਼ੁੱਕਰਵਾਰ ਨੂੰ ਥਾਈ ਨੇਵੀ ਸੀਲ ਦੇ ਸਾਬਕਾ ਗੋਤਾਖੋਰ ਦੀ ਆਕਸੀਜ਼ਨ ਪਹੁੰਚਾਉਣ ਵੇਲੇ ਮੌਤ ਹੋ ਗਈ ਸੀ। 
 

ਹੋਰ ਖਬਰਾਂ »