ਨਾਟੋ ਮਿਸ਼ਨ ਲਈ ਲਾਤਵੀਆ ਵਿੱਚ ਫੌਜ ਦੀ ਤਾਇਨਾਤੀ ਦੀ ਮਿਆਦ ਵਿੱਚ ਕੀਤਾ ਵਾਧਾ

ਰਿਗਾ (ਲਾਤਵੀਆ), 10 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਹੈ ਕਿ ਕੈਨੇਡਾ 2023 ਤੱਕ ਲਾਤਵੀਆ ਵਿੱਚ ਸੰਭਾਵੀ ਰੂਸੀ ਹਮਲਿਆਂ ਨੂੰ ਰੋਕਣ ਲਈ ਨਾਟੋ ਮਿਸ਼ਨ ਦੇ ਹਿੱਸੇ ਵਜੋਂ ਆਪਣੇ ਫੌਜੀ ਜਵਾਨਾਂ ਦੀ ਗਿਣਤੀ ਵਿੱਚ ਵਾਧਾ ਕਰੇਗਾ। ਇਸ ਦੇ ਨਾਲ ਹੀ ਉੱਥੇ ਕੈਨੇਡੀਅਨ ਫੌਜ ਦੀ ਤਾਇਨਾਤੀ ਦੀ ਮਿਆਦ ਵਿੱਚ ਵੀ ਚਾਰ ਸਾਲ ਦਾ ਵਾਧਾ ਕੀਤਾ ਗਿਆ ਹੈ।  ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਐਲਾਨ ਲਾਤਵੀਆ ਦੇ ਪ੍ਰਧਾਨ ਮੰਤਰੀ ਮੈਰਿਸ ਕੁਕੀਨਸਕਿਸ ਨਾਲ ਰਾਜਧਾਨੀ ਰਿਗਾ ਵਿੱਚ ਦੋਵਾਂ ਮੁਲਕਾਂ ਦੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਰੱਖੀ ਗਈ ਮੀਟਿੰਗ ਦੌਰਾਨ ਕੀਤਾ।  ਕੈਨੇਡਾ ਬਾਲਟਿਕ ਸਟੇਟਸ ਵਿੱਚ ਨਾਟੋ ਦੇ ਤਿੰਨ ਬਹੁਕੌਮੀ ਜੰਗੀ ਸਮੂਹਾਂ ਵਿੱਚੋਂ ਇੱਕ ਦੀ ਅਗਵਾਈ ਕਰਦਾ ਹੈ। ਇੱਕ ਸਾਲ ਵਿੱਚ 145 ਮਿਲੀਅਨ ਡਾਲਰ ਦੀ ਲਾਗਤ ਵਾਲੇ ਨਾਟੋ ਮਿਸ਼ਨ ਲਈ ਕੈਨੇਡਾ ਦੇ ਕਰਾਰ ਦੀ ਮਿਆਦ ਅਗਲੇ ਮਾਰਚ ਮਹੀਨੇ ਵਿੱਚ ਸਮਾਪਤ ਹੋ ਜਾਣੀ ਹੈ।

ਟਰੂਡੋ ਨੇ ਨਾ ਸਿਰਫ਼ ਨਾਟੋ ਮਿਸ਼ਨ ਲਈ ਕੈਨੇਡੀਅਨ ਫੌਜਾਂ ਦੇ ਲਾਤਵੀਆ ਵਿੱਚ ਰੁਕਣ ਦੀ ਮਿਆਦ ਚਾਰ ਸਾਲ ਹੋਰ ਵਧਾਉਣ ਦਾ ਐਲਾਨ ਕੀਤਾ, ਸਗੋਂ ਇਸ ਮਿਸ਼ਨ ਲਈ 85 ਹੋਰ ਕੈਨੇਡੀਅਨ ਫੌਜੀ ਭੇਜਣ ਦਾ ਵੀ ਐਲਾਨ ਕੀਤਾ। ਇਸ ਨਾਲ ਹੁਣ ਲਾਤਵੀਆ ਵਿੱਚ ਕੈਨੇਡੀਅਨ ਫੌਜੀ ਜਵਾਨਾਂ ਦੀ ਗਿਣਤੀ ਵਧ ਕੇ 540 ਹੋ ਜਾਵੇਗੀ।

ਦੁਵੱਲੀ ਮੀਟਿੰਗ ਤੋਂ ਪਹਿਲਾਂ ਦੋਵੇਂ ਪ੍ਰਧਾਨ ਮੰਤਰੀਆਂ ਨੇ ਰਿਗਾ ਵਿੱਚ ਆਜਾਦੀ ਸਮਾਰਕ ਉੱਤੇ ਸ਼ਰਧਾ ਦੇ ਫੁੱਲ ਭੇਟ ਕੀਤੇ, ਜੋ ਕਿ ਦੇਸ਼ ਦੀ ਆਜਾਦੀ ਦੀ ਲੜਾਈ ਵਿੱਚ ਆਪਣੀ ਜਾਨ ਦੀ ਕੁਰਬਾਨੀ ਦੇਣ ਵਾਲੇ ਲੋਕਾਂ ਦੀ ਯਾਦਗਾਰ ਵਜੋਂ ਬਣਾਇਆ ਗਿਆ ਹੈ।  

ਟਰੂਡੋ ਨੇ ਇਹ ਵੀ ਪੁਸ਼ਟੀ ਕੀਤੀ ਕਿ ਕੈਨੇਡਾ ਹੋਰਨਾਂ ਨਾਟੋ ਅਪ੍ਰੇਸ਼ਨਾਂ ਦੇ ਹਿੱਸੇ ਵਜੋਂ ਲੜਾਕੂ ਜਹਾਜਾਂ ਦੀ ਸਪਲਾਈ ਅਤੇ ਜੰਗੀਬੇੜਿਆਂ ਦੀ ਤਾਇਨਾਤੀ ਜਾਰੀ ਰੱਖੇਗਾ। ਲਾਤਵੀਆ ਵਿੱਚ ਕੈਨੇਡੀਅਨ ਦਲਾਂ ਵਿੱਚ ਅਲਬਾਨੀਆ, ਸਲੋਵਾਕੀਆ, ਸਲੋਵੇਨੀਆ, ਚੈਕ ਗਣਰਾਜ, ਪੋਲੈਂਡ, ਇਟਲੀ ਅਤੇ ਸਪੇਨ ਦੇ ਫੌਜੀ ਸ਼ਾਮਲ ਹਨ।

ਹੋਰ ਖਬਰਾਂ »