ਪੇਸ਼ਾਵਰ, 11 ਜੁਲਾਈ, ਹ.ਬ. : ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਵਿਚ ਮੰਗਲਵਾਰ ਰਾਤ ਇਕ ਚੁਣਾਵੀ ਰੈਲੀ ਦੌਰਾਨ ਆਤਮਘਾਤੀ ਹਮਲਾ ਹੋਇਆ ਜਿਸ ਦੌਰਾਨ ਅਵਾਮੀ ਨੈਸ਼ਨਲ ਪਾਰਟੀ ਦੇ ਨੇਤਾ ਹਾਰੂਨ ਬਿਲੌਰ ਸਮੇਤ ਘੱਟੋ-ਘੱਟ 14 ਲੋਕ ਮਾਰੇ ਗਏ। ਧਮਾਕੇ ਵਿਚ ਜ਼ਖਮੀ ਹੋਏ ਲੋਕਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ। ਯਾਕਾਤੂਤ ਇਲਾਕੇ ਵਿਚ ਹੋਏ ਇਸ ਧਮਾਕੇ 'ਚ ਜ਼ਖਮੀ ਲੋਕਾਂ ਨੂੰ ਨੇੜਲੇ ਲੇਡੀ ਰੀਡਿੰਗ ਹਸਪਤਾਲ ਦਾਖਲ ਕਰਵਾਇਆ ਗਿਆ। ਅਲ ਜਜੀਰਾ ਦੀ ਰਿਪੋਰਟ ਮੁਤਾਬਕ ਹਮਲੇ ਵਿਚ 65 ਲੋਕ ਜ਼ਖਮੀ ਹੋਏ ਹਨ। ਦੱਸਿਆ ਜਾ ਰਿਹੈ ਕਿ ਵਿਸਫੋਟ ਉਸ ਸਮੇਂ ਹੋਇਆ ਜਦੋਂ ਬਿਲੌਰ ਅਤੇ ਏਐਨਪੀ ਦੇ ਵਰਕਰ ਪਾਰਟੀ ਦੀ ਇਕ ਚੁਣਾਵੀ ਰੈਲੀ ਦੌਰਾਨ ਇਕੱਠੇ ਹੋਏ ਸਨ। ਬਿਲੌਰ ਦੇ ਮੰਚ ਤੇ ਪੁੱਜਣ ਤੇ ਉਥੇ ਪਟਾਕੇ ਚਲਾਏ ਜਾ ਰਹੇ ਸਨ ਕਿ ਉਸੇਂ ਸਮੇਂ ਆਤਮਘਾਤੀ ਹਮਲਾ ਹੋਇਆ। ਡਾਨ ਦੀ ਖਬਰ ਅਨੁਸਾਰ ਵਿਸਫੋਟ ਵਿਚ ਬਿਲੌਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਉਸਨੂੰ ਹਸਪਤਾਲ ਪਹੁੰਚਾਇਆ ਗਿਆ ਜਿਥੇ ਉਸਨੇ ਦਮ ਤੋੜ ਦਿੱਤਾ।ਬਿਲੌਰ ਦੇ ਪਿਤਾ ਅਤੇ ਏਐਨਪੀ ਦੇ ਸੀਨੀਅਰ ਨੇਤਾ ਬਸ਼ੀਰ ਅਹਿਮਦ ਬਿਲੌਰ ਵੀ 2012 ਵਿਚ ਪੇਸ਼ਾਵਰ ਵਿਚ ਪਾਰਟੀ ਦੀ ਇਕ ਬੈਠਕ ਦੌਰਾਨ ਤਾਲਿਬਾਨ ਦੇ ਹਮਲਾਵਰ ਵੱਲੋਂ ਕੀਤੇ ਗਏ ਆਤਮਘਾਤੀਨ ਹਮਲੇ 'ਚ ਮਾਰੇ ਗਏ ਸਨ। ਹਮਲੇ ਦੀ ਨਿੰਦਾ ਕਰਦੇ ਹੋਏ ਪਾਕਿਸਤਾਨ-ਤਹਿਰੀਕ-ਏ-ਇਨਸਾਫ ਪਾਰਟੀ ਦੇ ਮੁਖੀ ਇਮਰਾਨ ਖਾਨ ਨੇ ਰਾਜਨੀਤਿਕ ਪਾਰਟੀਆਂ ਅਤੇ ਉਨ੍ਹਾਂ ਦੇ ਉਮੀਦਵਾਰਾਂ ਲਈ ਚੁਣਾਵੀ ਕੈਂਪੇਨ ਦੌਰਾਨ ਸੁਰੱਖਿਆ ਦੀ ਮੰਗ ਕੀਤੀ ਹੈ। ਅਜੇ ਤੱਕ ਕਿਸੇ ਦੀ ਅੱਤਵਾਦੀ ਸੰਗਠਨ ਨੇ ਇਸ ਹਮਲੇ ਦੀ ਜਿੰਮੇਵਾਰੀ ਨਹੀਂ ਲਈ ਹੈ।

ਹੋਰ ਖਬਰਾਂ »

ਅੰਤਰਰਾਸ਼ਟਰੀ