ਰੇਜਾਇਨਾ, 11 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਬੀਤੇ ਦਿਨੀਂ ਹਮਬੋਲਟ ਬੱਸ ਹਾਦਸੇ ਵਿੱਚ ਮਾਰੇ ਗਏ ਖਿਡਾਰੀਆਂ ਵਿੱਚੋਂ ਇੱਕ ਖਿਡਾਰੀ ਦੇ ਮਾਪਿਆਂ ਨੇ ਟਰੱਕ ਡਰਾਈਵਰ ਵਿਰੁੱਧ ਮੁਕੱਦਮਾ ਦਰਜ ਕਰਵਾਇਆ ਹੈ। ਮੁਕੱਦਮੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਟਰੱਕ ਡਰਾਈਵਰ ਇੱਕ ਦਿਹਾਤੀ ਚੌਰਾਹੇ ਉੱਤੇ ‘ਸਟਾਪ ਸਾਈਨ’ ਉੱਤੇ ਟਰੱਕ ਰੋਕਣ ਵਿੱਚ ਅਸਮਰੱਥ ਰਿਹਾ ਅਤੇ ਇਸ ਦੌਰਾਨ ਟਰੱਕ ਹਾਕੀ ਦੀ ਜੂਨੀਅਰ ਟੀਮ ਦੇ ਖਿਡਾਰੀਆਂ ਨੂੰ ਲੈ ਕੇ ਜਾ ਰਹੀ ਬੱਸ ਨਾਲ ਟਕਰਾਅ ਗਿਆ। ਇਸ ਹਾਦਸੇ ਵਿੱਚ ਬੱਸ ਵਿੱਚ ਸਵਾਰ ਹਾਕੀ ਖਿਡਾਰੀਆਂ ਸਮੇਤ 6 ਲੋਕਾਂ ਦੀ ਮੌਤ ਹੋ ਗਈ, ਜਦਕਿ 13 ਲੋਕ ਜ਼ਖ਼ਮੀ ਹੋ ਗਏ ਸਨ।
ਮੁਕੱਦਮੇ ਵਿੱਚ ਇਹ ਵੀ ਦੋਸ਼ ਲਾਏ ਗਏ ਕਿ ਬਰੰਕੋਸ ਬੱਸ ਦੀ ਛੱਤ ਹਾਦਸਿਆਂ ਨਾਲ ਨਜਿੱਠਣ ਦੇ ਢੰਗ ਨਾਲ ਨਹੀਂ ਬਣਾਈ ਗਈ ਸੀ। ਇਸ ਤੋਂ ਇਲਾਵਾ ਬੱਸ ਸੀਟ ਬੈਲਟਾਂ ਨਾਲ ਲੈਸ ਹੋਣੀ ਚਾਹੀਦੀ ਹੈ, ਪਰ ਉਸ ਵਿੱਚ ਇਹ ਸਹੂਲਤ ਵੀ ਨਹੀਂ ਸੀ।
ਇਸ ਮੁਕੱਦਮੇ ਵਿੱਚ ਇਹ ਵੀ ਮੰਗ ਕੀਤੀ ਗਈ ਕਿ ਅਦਾਲਤ ਹਾਦਸੇ ਵਿੱਚ ਹੋਏ ਨੁਕਸਾਨ ਲਈ ਢੁਕਵੀਂ ਰਾਸ਼ੀ ਦੇਣ ਦੇ ਹੁਕਮ ਜਾਰੀ ਕਰਨ ਸਮੇਤ ਸਸਕੈਚਵਨ ਵਿੱਚ ਖਿਡਾਰੀਆਂ ਨੂੰ ਲੈ ਕੇ ਜਾਣ ਵਾਲੀਆਂ ਸਾਰੀਆਂ ਬੱਸਾਂ ਵਿੱਚ ਸੀਟ ਬੈਲਟਾਂ ਅਤੇ ਹੋਰ ਸੁਰੱਖਿਆ ਯੰਤਰ ਲਾਉਣ ਦੇ ਵੀ ਹੁਕਮ ਦੇਵੇ, ਤਾਂ ਜੋ ਖਿਡਾਰੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।

ਹੋਰ ਖਬਰਾਂ »