ਤਹਿਰਾਨ,  12 ਜੁਲਾਈ, (ਹ.ਬ.) : ਜਨਤਕ ਤੌਰ 'ਤੇ ਹਿਜ਼ਾਬ ਹਟਾਉਣ ਦੇ ਜੁਰਮ ਵਿਚ ਈਰਾਨ ਦੀ  ਇੱਕ ਔਰਤ ਨੂੰ 20 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਸ਼ਾਪਾਰਕ ਸ਼ਾਜਾਰਿਜਾਦੇਹ (42) ਨੂੰ ਫਰਵਰੀ ਵਿਚ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਸੀ ਜਦ ਉਨ੍ਹਾਂ ਨੇ ਰਾਜਧਾਨੀ ਤਹਿਰਾਨ ਵਿਚ ਟਰੈਫਿਕ ਬੂਥ 'ਤੇ ਖੜ੍ਹੇ ਹੋ ਕੇ ਹੈਡ ਸਕਾਰਫ ਨੂੰ ਜਨਤਕ ਤੌਰ 'ਤੇ ਹਟਾ ਦਿੱਤਾ ਸੀ। 
ਸ਼ਾਪਾਰਕ ਨੇ ਇਸ ਦਾ ਵੀਡੀਓ ਵੀ ਬਣਾਇਆ ਸੀ ਅਤੇ ਅੰਤ ਵਿਚ ਸ਼ਾਂਤੀ ਦਾ ਸੰਕੇਤ ਦਿੰਦੇ ਹੋਏ ਉਨ੍ਹਾਂ ਨੇ ਇੱਕ ਚਿੱਟਾ ਕੱਪੜਾ ਵੀ ਲਹਿਰਾਇਆ ਸੀ। ਇਸ ਹਫ਼ਤੇ ਔਰਤ ਨੇ ਅਪਣੀ ਨਿੱਜੀ ਵੈਬਸਾਈਟ 'ਤੇ ਪੋਸਟ ਕੀਤਾ ਕਿ ਉਸ ਨੂੰ 'ਜ਼ਰੂਰੀ ਹਿਜ਼ਾਬ ਦਾ ਵਿਰੋਧ' ਅਤੇ 'ਸੜਕ 'ਤੇ ਸ਼ਾਂਤੀ ਦਾ ਸੰਕੇਤ ਚਿੱਟਾ ਝੰਡਾ ਲਹਿਰਾਉਣ' ਦੇ ਜੁਰਮ ਵਿਚ ਜੇਲ੍ਹ ਦੀ ਸਜ਼ਾ ਦਿੱਤੀ ਗਈ ਸੀ। ਅਪ੍ਰੈਲ ਦੇ ਆਖਰ ਵਿਚ ਸ਼ਾਜਾਰੀਜਾਦੇ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਸੀ। ਤਦ ਅਮਨੈਸਟੀ ਨੇ ਰਿਪੋਰਟ ਦਿੱਤੀ ਸੀ ਕਿ ਸ਼ਾਪਾਰਕ 'ਤੇ ਭ੍ਰਿਸ਼ਟਾਚਾਰ ਅਤੇ ਦੇਹਵਪਾਰ ਦਾ ਦੋਸ਼ ਲਗਾਇਆ ਗਿਆ ਸੀ। ਵਰਤਮਾਨ ਵਿਚ ਸ਼ਾਪਾਰਕ ਕਿੱਥੇ ਹੈ ਇਸ ਦੇ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਹੈ। ਇਸ ਮਾਮਲੇ ਵਿਚ ਫਿਲਹਾਲ ਈਰਾਨੀ ਅਧਿਕਾਰੀਆਂ ਨੇ ਕੋਈ ਟਿੱਪਣੀ ਨਹੀਂ ਕੀਤੀ ਹੈ। ਇਕੱਲੇ ਫਰਵਰੀ ਵਿਚ ਈਰਾਨੀ ਪੁਲਿਸ ਨੇ 29 ਔਰਤਾਂ ਨੂੰ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ਨੇ ਵਾਈਟ ਵੈਡਨਸਡੇ ਨਾਂ ਦੀ  ਮੁਹਿੰਮ ਦੇ ਤਹਿਤ ਜਨਤਕ ਤੌਰ 'ਤੇ ਅਪਣੇ ਹਿਜ਼ਾਬ ਨੂੰ ਹਟਾ ਦਿੱਤਾ ਸੀ।
ਸ਼ਾਪਾਰਕ ਅਤੇ ਹੋਰ ਮਹਿਲਾਵਾਂ ਦੀ ਅਗਵਾਈ ਕਰਨ ਵਾਲੀ ਇਕ ਪ੍ਰਮੁੱਖ ਮਨੁੱਖੀ ਅਧਿਕਾਰ ਵਕੀਲ ਨਸਰਿਨ ਨੂੰ ਪਿਛਲੇ ਮਹੀਨੇ ਕਾਬੂ ਕਰ ਲਿਆ ਗਿਆ ਸੀ। ਦੱਸਦੇ ਚਲੀਏ ਕਿ 1979  ਦੀ ਕਰਾਂਤੀ ਦੇ ਬਾਅਦ ਤੋਂ ਇਸਲਾਮੀ ਡਰੈਸ ਕੋਡ ਨੂੰ ਦੇਸ਼ ਵਿਚ ਲਾਗੂ ਕਰ ਦਿੱਤਾ ਗਿਆ ਹੈ। ਇਸ ਦੇ ਤਹਿਤ ਈਰਾਨ ਵਿਚ 13 ਸਾਲ ਤੋਂ ਜ਼ਿਆਦਾ ਉਮਰ ਦੀ ਕਿਸੇ ਵੀ ਔਰਤ ਦਾ ਹਿਜ਼ਾਬ ਪਹਿਨਣਾ ਜ਼ਰੂਰੀ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਖੁਦ ਨੂੰ ਸਿਰ ਤੋਂ ਲੈ ਕੇ ਪੈਰ ਤੱਕ ਢੱਕ ਕੇ ਰੱਖਣਾ ਹੋਵੇਗਾ। ਇਨ੍ਹਾਂ ਨਿਯਮਾਂ ਨੂੰ ਤੋੜਨ ਵਾਲੀ ਔਰਤਾਂ 'ਤੇ 5,00,000 ਰਿਆਲ ਦਾ ਜੁਰਮਾਨਾ ਅਤੇ ਦੋ ਮਹੀਨੇ ਤੱਕ ਜੇਲ੍ਹ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਇਨ੍ਹਾਂ ਕੱਟੜਵਾਦੀ ਕਾਨੂੰਨੀ ਖ਼ਿਲਾਫ਼ ਔਰਤਾਂ ਨੇ ਹੁਣ ਬੋਲਣਾ ਸ਼ੁਰੂ ਕਰ ਦਿੱਤਾ ਹੈ।

ਹੋਰ ਖਬਰਾਂ »