ਹੈਦਰਾਬਾਦ,  12 ਜੁਲਾਈ, (ਹ.ਬ.) : ਅਮਰੀਕਾ ਦੇ ਕੰਸਾਸ ਸ਼ਹਿਰ ਵਿਚ ਪਿਛਲੇ ਹਫ਼ਤੇ ਲੁੱਟਖੋਹ ਦੀ ਸ਼ੱਕੀ ਘਟਨਾ ਦੌਰਾਨ ਮਾਰੇ ਗਏ ਭਾਰਤੀ ਵਿਦਿਆਰਥੀ ਸ਼ਰਤ ਕੋਪੂ ਦੀ ਲਾਸ਼ ਦੇਰ ਰਾਤ ਹੈਦਰਾਬਾਦ ਪਹੁੰਚ ਗਈ ਹੈ। ਲਾਸ਼ ਨੂੰ ਰਾਜੀਵ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਲਿਆਇਆ ਗਿਆ। ਲਾਸ਼ ਨੂੰ ਭਾਰਤ ਲਿਆਉਣ ਦੇ ਲਈ ਪੀੜਤ ਪਰਿਵਾਰ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਤੇਲੰਗਾਨਾ ਦੇ ਮੰਤਰੀ ਤੋਂ ਵੀ ਮਦਦ ਮੰਗੀ ਸੀ। ਲਾਸ਼ ਦੇ ਪੁੱਜਣ  ਤੋਂ ਬਾਅਦ ਸਾਬਕਾ ਕੇਂਦਰੀ ਮੰਤਰੀ ਬੰਡਾਰੂ ਸਮੇਤ ਕਈ ਲੋਕਾਂ ਨੇ ਮਰਹੂਮ ਕੋਪੂ ਨੂੰ ਸ਼ਰਧਾਂਜਲੀ ਦਿੱਤੀ। ਗੌਰਤਲਬ ਹੈ ਕਿ ਕੰਸਾਸ ਦੇ ਅਧਿਕਾਰੀਆਂ ਦੇ ਅਨੁਸਾਰ  ਤੇਲੰਗਾਨਾ ਦੇ ਰਹਿਣ ਵਾਲੇ ਕੋਪੂ ਨੂੰ ਇਕ ਰੈਸਟੋਰੈਂਟ ਵਿਚ ਲੁੱਟਖੋਹ  ਦੀ ਸ਼ੱਕੀ ਘਟਨਾ ਦੌਰਾਨ ਗੋਲੀ ਲੱਗ ਗਈ। ਹਾਲਾਂਕਿ ਉਸ ਨੂੰ ਬਾਅਦ ਵਿਚ ਹਸਪਤਾਲ ਲੈ ਜਾਇਆ ਗਿਆ ਸੀ ਲੇਕਿਨ ਬਾਵਜੂਦ ਇਸ ਦੇ ਜਾਨ ਨਹੀਂ ਬਚਾਈ ਜਾ ਸਕੀ।
ਪੁਲਿਸ ਅਨੁਸਾਰ ਕੋਪੂ ਇਸੇ ਰੈਸਟੋਰੈਂਟ ਵਿਚ ਕੰਮ ਕਰਦਾ ਸੀ। ਕੰਸਾਸ ਪੁਲਿਸ ਨੇ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਸ਼ੱਕੀ ਹਤਿਆਰੇ ਦੀ ਸੂਚਨਾ ਦੇਣ ਵਾਲੇ ਨੂੰ ਦਸ ਹਜ਼ਾਰ ਡਾਲਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ ਅਤੇ ਉਸ ਨੇ ਸ਼ੱਕੀ ਦਾ ਵੀਡੀਓ ਜਾਰੀ ਕੀਤਾ ਹੈ।  ਗੌਰਤਲਬ ਹੈ ਕਿ ਅੱਠ ਜੁਲਾਈ ਨੂੰ ਅਮਰੀਕਾ ਦੇ ਕੰਸਾਸ ਸਿਟੀ ਵਿਚ ਕੋਪੂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਮਾਰਿਆ ਗਿਆ ਨੌਜਵਾਨ ਭਾਰਤ ਦੇ ਤੇਲੰਗਾਨਾ ਤੋਂ ਹੈ।

ਹੋਰ ਖਬਰਾਂ »