ਚੰਡੀਗੜ੍ਹ,  12 ਜੁਲਾਈ, (ਹ.ਬ.) : ਪੰਜਾਬ ਸਰਕਾਰ ਨੇ ਕਈ ਸਿਆਸੀ-ਧਾਰਮਿਕ ਨੇਤਾਵਾਂ, ਗਾਇਕਾਂ ਅਤੇ ਹੋਰ ਲੋਕਾਂ ਦੀ ਸੁਰੱਖਿਆ ਵਿਚ  ਕਟੌਤੀ ਕਰ ਦਿੱਤੀ ਹੈ। ਕੁਝ ਨੇਤਾਵਾਂ ਤੋਂ ਸੁਰੱਖਿਆ ਪੂਰੀ ਤਰ੍ਹਾਂ ਵਾਪਸ ਲੈ ਲਈ। ਰਾਜ ਪੁਲਿਸ ਦੀ ਸਿਫਾਰਸ਼ 'ਤੇ ਇਹ ਫ਼ੈਸਲਾ ਲਿਆ ਗਿਆ ਹੈ।  ਵੀਆਈਪੀ ਦੀ ਸੁਰੱਖਿਆ ਤੋਂ ਕੁੱਲ 198  ਜਵਾਨਾਂ ਨੂੰ ਮੁਕਤ ਕੀਤਾ ਗਿਆ ਹੈ। ਜਿਹੜੇ ਸਿਆਸੀ ਨੇਤਾਵਾਂ ਦੀ ਸੁਰੱਖਿਆ ਵਿਚ ਕਟੌਤੀ ਕੀਤੀ ਗਈ ਹੈ ਉਨ੍ਹਾਂ ਵਿਚ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਦਾ ਨਾਂ ਵੀ ਹੈ। ਉਨ੍ਹਾਂ ਦੀ ਸੁਰੱਖਿਆ ਵਿਚੋਂ 11 ਜਵਾਨਾਂ ਨੂੰ ਹਟਾ ਲਿਆ ਗਿਆ ਹੈ। ਮਜੀਠੀਆ ਨੂੰ ਜ਼ੈਡ ਪਲੱਸ ਸੁਰੱਖਿਆ ਮਿਲੀ ਹੈ। ਇਸ ਦੇ ਤਹਿਤ 30 ਤੋਂ 40 ਜਵਾਨ ਸੁਰੱਖਿਆ ਵਿਚ ਤੈਨਾਤ ਰਹਿੰਦੇ ਹਨ। ਰਾਜ ਵਿਚ ਵਿਭਿੰਨ ਹਿੰਦੂ ਸੰਗਠਨਾਂ ਦੇ 50 ਨੇਤਾਵਾਂ ਦੀ ਸੁਰੱਖਿਆ ਵਿਚ ਵੀ ਕਟੌਤੀ ਕੀਤੀ ਗਈ ਹੈ।
ਇਨ੍ਹਾਂ ਤੋਂ ਇਲਾਵਾ ਧਾਰਮਿਕ ਨੇਤਾਵਾਂ ਵਿਚ ਐਸਜੀਪੀਸੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਅਤੇ ਐਸਜੀਪੀਸੀ ਦੇ ਮੌਜੂਦਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਸੁਰੱਖਿਆ ਤੋਂ 2-2 ਸੁਰੱਖਿਆ ਕਰਮੀ ਹਟਾਏ ਗਏ ਹਨ। ਦਿਓਧਰ ਦੇ ਡੇਰਾ ਮੁਖੀ ਅਤੇ ਸ਼੍ਰੋਅਦ ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬਾਬਾ ਅਰਜੁਨ ਸਿੰਘ ਦੀ ਸੁਰੱਖਿਆ ਤੋਂ ਪੰਜ ਜਵਾਨ, ਜਲੰਧਰ ਦੇ ਸ੍ਰੀ ਦੇਵੀ ਤਾਲਾਬ ਮੰਦਰ ਦੇ ਪ੍ਰਧਾਨ ਸ਼ੀਤਲ ਕੁਮਾਰ ਵਿਜ ਦੀ ਸੁਰੱਖਿਆ ਤੋਂ ਦੋ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਮੀਡੀਆ ਅਡਵਾਈਜ਼ਰ ਰਹੇ ਜੰਗਵੀਰ ਸਿੰਘ ਦੀ ਸੁਰੱਖਿਆ ਤੋਂ ਇਕ ਜਵਾਨ ਹਟਾਇਆ ਗਿਆ। ਆਪ ਦੇ ਸਾਬਕਾ ਨੇਤਾ ਅਤੇ ਕਮੇਡੀਅਨ ਗੁਰਪ੍ਰੀਤ ਸਿੰਘ ਉਰਫ ਘੁੱਗੀ ਦੀ ਸੁਰੱਖਿਆ ਤੋਂ ਇਕ ਅਤੇ ਪੰਜਾਬੀ ਗਾਇਕ ਜੈਜ਼ੀ ਬੀ ਦੀ ਸੁਰੱਖਿਆ ਤੋਂ ਦੋ ਜਵਾਨਾਂ ਨੂੰ ਹਟਾ ਲਿਆ ਗਿਆ ਹੈ। 

ਹੋਰ ਖਬਰਾਂ »