ਮੁੱਲਾਂਪੁਰ ਦਾਖਾ,  12 ਜੁਲਾਈ, (ਹ.ਬ.) : ਮਾਡਲ ਟਾਊਨ ਦੇ ਅਧੀਨ ਆਉਣ ਵਾਲੇ ਪਿੰਡ ਤਲਵੰਡੀ ਨੌ ਆਬਾਦ ਵਿਚ ਦੋ ਬੱਚਿਆਂ ਦੀ ਮਾਂ ਨਾਲ ਘਰ ਤੋਂ ਚੁੱਕ ਕੇ ਗੈਂਗ ਰੇਪ ਕੀਤਾ।  ਪੁਲਿਸ ਨੇ ਔਰਤ ਦੀ ਸ਼ਿਕਾਇਤ ਤੋਂ ਬਾਅਦ ਚਾਰ ਨੌਜਵਾਨਾਂ 'ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦੇ ਕੋਲ ਦਰਜ ਕਰਾਈ ਗਈ ਸ਼ਿਕਾਇਤ ਮੁਤਾਬਕ ਪੀੜਤਾ ਨੇ ਦੱਸਿਆ ਕਿ ਅੱਠ ਜੁਲਾਈ ਦੀ ਰਾਤ ਨੂੰ ਉਹ ਅਪਣੇ ਪਰਿਵਾਰ ਨਾਲ ਸੁੱਤੀ ਪਈ ਸੀ। ਉਸ ਦਾ ਪਤੀ ਅਲੱਗ ਕਮਰੇ ਵਿਚ ਸੁੱਤਾ ਸੀ ਜਦ ਕਿ ਉਹ ਬੱਚਿਆਂ ਦੇ ਨਾਲ ਅਲੱਗ ਕਮਰੇ ਵਿਚ ਸੁੱਤੀ ਹੋਈ ਸੀ। ਗਰਮੀ ਹੋਣ ਕਾਰਨ ਦਰਵਾਜ਼ਾ ਖੁਲ੍ਹਾ ਸੀ। ਰਾਤ ਕਰੀਬ ਇਕ ਵਜੇ ਉਸ ਨੂੰ ਵਾਲਾਂ ਤੋਂ ਫੜ ਕੇ ਕਿਸੇ ਨੇ ਖਿੱਚਿਆ ਤਾਂ ਉਸ ਦੀ ਅੱਖ ਖੁਲ੍ਹ ਗਈ। ਅੱਖ ਖੁਲਦੇ ਹੀ ਪਿੰਡ ਭੂੰਦੜੀ ਦੇ ਹੈਰੀ ਨੇ ਉਸ ਦਾ ਮੂੰਹ ਦਬਾ ਕੇ ਉਸ ਨੂੰ ਨਸ਼ੀਲੀ ਚੀਜ਼ ਸੁੰਘਾ ਦਿੱਤੀ। ਇਸ ਕਾਰਨ ਉਸ ਨੂੰ ਚੱਕਰ ਆਉਣ ਲੱਗੇ। ਉਸ ਦੇ ਨਾਲ ਗੁਰਦੇਵ ਸਿੰਘ ਉਰਫ ਗੱਬਰ ਅਤੇ ਇਕ ਹੋਰ ਨੌਜਵਾਨ ਵੀ ਸੀ। ਮੁਲਜ਼ਮਾਂ ਨੇ ਉਸ ਦੇ ਪਤੀ ਨੂੰ ਵੀ ਨਸ਼ੀਲੀ ਚੀਜ਼ ਸੁੰਘਾ ਦਿੱਤੀ ਅਤੇ ਉਹ ਬੇਹੋਸ਼ ਹੋ ਗਿਆ। ਇਸ ਤੋਂ ਬਾਅਦ ਮੁਲਜ਼ਮਾਂ ਨੇ ਘਰ ਪਏ ਦੋ ਫ਼ੋਨ ਚੁੱਕ ਲਏ। ਮੁਲਜ਼ਮ ਹੈਰੀ ਉਸ ਨੂੰ ਘਰ ਦੇ ਮੇਨ ਗੇਟ ਕੋਲ ਲੈ ਗਿਆ। ਜਿੱਥੇ ਰਾਜੂ ਪਹਿਲਾਂ ਤੋਂ ਹੀ ਖੜ੍ਹਾ ਸੀ।  ਮੁਲਜ਼ਮਾਂ ਨੇ ਉਸ ਨੂੰ ਬਾਈਕ ਤੇ ਬਿਠਾਇਆ। ਇਸ ਤੋਂ ਬਾਅਦ ਉਹ  ਬੇਹੋਸ਼ ਹੋ ਗਈ। ਜਦੋਂ ਹੋਸ਼ ਆਈ ਤਾਂ ਉਹ ਖੇਤਾਂ ਵਿਚ ਸੀ। ਉਥੇ ਚਾਰਾਂ ਨੇ ਉਸ ਨਾਲ ਬਲਾਤਕਾਰ ਕੀਤਾ।  ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਤੇ ਸਵੇਰੇ ਚਾਰ ਵਜੇ ਉਸ ਨੂੰ ਘਰ ਦੇ ਕੋਲ ਸੁੱਟ ਕੇ ਫਰਾਰ ਹੋ ਗਏ। ਜਦੋਂ ਘਰ ਪੁੱਜੀ ਤਾਂ ਉਸ ਦਾ ਪਤੀ ਬੇਹੋਸ਼ ਹੀ ਸੀ। ਉਸ ਨੇ ਤੁਰੰਤ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ।

ਹੋਰ ਖਬਰਾਂ »