ਚੰਡੀਗੜ੍ਹ,  12 ਜੁਲਾਈ, (ਹ.ਬ.) : ਗੈਂਗਸਟਰ ਦਿਲਪ੍ਰੀਤ ਉਰਫ ਬਾਬਾ 5 ਰਾਜਾਂ ਦੇ ਮੋਸਟ ਵਾਂਟੇਡ ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ਨਾਲ ਲਗਾਤਾਰ ਸੰਪਰਕ ਵਿਚ ਸੀ ਅਤੇ ਉਸ ਨਾਲ ਮਿਲ ਵੀ ਰਿਹਾ ਸੀ। ਜਨਵਰੀ ਵਿਚ ਜਦ ਦਿਲਪ੍ਰੀਤ ਦੇ ਪਿਤਾ ਦੀ ਮੌਤ ਹੋਈ ਤਾਂ ਦਿਲਪ੍ਰੀਤ ਨੇ  ਜਿੱਦ ਕਰ ਲਈ ਸੀ ਕਿ ਉਹ ਸਸਕਾਰ ਵਿਚ ਜ਼ਰੂਰ ਜਾਵੇਗਾ। ਇਸ 'ਤੇ ਰਿੰਦਾ ਹੋਟਲ ਮਾਊਂਟਵਿਊ ਆ ਕੇ ਉਸ ਨੇ ਕਿਹਾ ਕਿ ਅਪਣਾ ਹੁਲੀਆ ਬਦਲ ਕੇ ਸਸਕਾਰ ਵਿਚ ਚਲਾ ਜਾਵੇ। ਲੇਕਿਨ ਦੂਰ ਰਹਿ ਕੇ ਹੀ ਸ਼ਾਮਲ ਹੋਵੇ। ਰਿੰਦਾ ਨੇ ਹੀ ਦਿਲਪ੍ਰੀਤ ਨੂੰ ਸਲਾਹ ਦਿੱਤੀ ਕਿ ਉਹ ਅਪਣੇ ਵਾਲ ਕਟਵਾ ਲਵੇ ਲੇਕਿਨ ਇਸ ਦੇ ਲਈ ਕਿਸੇ ਸੈਲੂਨ ਵਿਚ ਨਾ ਜਾਵੇ। ਰਿੰਦਾ ਨੇ ਹੀ ਦਿਲਪ੍ਰੀਤ ਦੇ ਵਾਲ ਕੱਟੇ। ਜਦ ਰਿੰਦਾ ਹੋਟਲ ਮਾਊਂਟਵਿਊ ਆਇਆ ਤਾਂ ਉਸ ਦੀ ਤਸਵੀਰ ਮਾਊਂਟਵਿਊ ਹੋਟਲ ਦੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਰਿੰਦਾ ਮਾਊਂਟਵਿਊ ਹੋਟਲ ਰੁਕਿਆ ਜਦ ਕਿ ਦਿਲਪ੍ਰੀਤ ਕਾਰ ਰਾਹੀਂ ਅਪਣੇ ਪਿੰਡ ਲਈ ਨਿਕਲ ਗਿਆ ਲੇਕਿਨ ਕੁਰਾਲੀ ਦੇ ਕੋਲ ਤੋਂ ਵਾਪਸ ਆ ਗਿਆ। ਇਸ ਤੋਂ ਬਾਅਦ ਉਹ ਸਿੱਧਾ ਰੁਪਿੰਦਰ ਦੇ ਕੋਲ ਸੈਕਟਰ 38 ਵਿਚ ਗਿਆ।
ਦੂਜੇ ਪਾਸੇ ਪੰਜਾਬ ਪੁਲਿਸ ਦੇ ਸੂਤਰਾਂ ਦੇ ਅਨੁਸਾਰ ਰੁਪਿੰਦਰ ਪੰਜਾਬ ਪੁਲਿਸ ਦੀ ਸਰਕਾਰੀ ਗਵਾਹ ਬਣ ਸਕਦੀ ਹੈ। ਪੁਲਿਸ ਉਸ ਕੋਲੋਂ ਪੁਛਗਿੱਛ ਦੇ ਬਾਅਦ ਸੀਆਰਪੀਸੀ ਦੀ ਧਾਰਾ 164 ਤਹਿਤ ਮੈਜਿਸਟ੍ਰੇਟ ਦੇ ਕੋਲ ਬਿਆਨ ਦਰਜ  ਕਰਵਾ ਸਕਦੀ ਹੈ ਤਾਕਿ ਦਿਲਪ੍ਰੀਤ ਦੇ ਖ਼ਿਲਾਫ਼ ਕੇਸ ਮਜਬੂਤ ਬਣ ਸਕੇ। ਰੁਪਿੰਦਰ ਕੌਰ ਨੇ ਕਿਹਾ ਕਿ ਉਹ ਦਿਲਪ੍ਰੀਤ ਦੀ ਦਹਿਸ਼ਤ ਦੇ ਕਾਰਨ ਹੀ ਉਸ ਦੀ ਮਦਦ ਕਰ ਰਹੀ ਸੀ। ਡਰੱਗਜ਼ ਦੀ ਸਮਗਲਿੰਗ ਵਿਚ ਕਦੇ ਸਹਿਯੋਗ ਨਹੀਂ ਰਿਹਾ। ਪੰਜਾਬ ਪੁਲਿਸ ਨੇ ਪਰਮੀਸ਼ 'ਤੇ ਗੋਲੀ ਚਲਾਉਣ ਵਾਲੇ ਗੌਰਵ ਪਟਿਆਲਾ ਉਰਫ ਲੱਕੀ ਦੀ ਭਾਲ ਵਿਚ ਮੰਗਲਵਾਰ ਰਾਤ ਮੁੱਲਾਂਪੁਰ ਵਿਚ ਛਾਪਾ ਮਾਰਿਆ। ਇੱਥੇ ਗੌਰਵ ਤਾਂ ਨਹੀਂ ਮਿਲਿਆ ਲੇਕਿਨ ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਤਿੰਨ ਨੌਜਵਾਨਾਂ ਨੂੰ ਪੁਛਗਿੱਛ ਦੇ ਲਈ ਹਿਰਾਸਤ ਵਿਚ ਲਿਆ ਹੈ। 

ਹੋਰ ਖਬਰਾਂ »