ਲਾਹੌਰ, 13 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਦੋਸ਼ੀ ਪਾਏ ਗਏ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅੱਜ ਆਪਣੀ ਧੀ ਮਰੀਅਮ ਨਾਲ ਲਾਹੌਰ ਦੇ ਅੱਲਾਮਾ ਇਕਬਾਲ ਕੌਮਾਂਤਰੀ ਹਵਾਈ ਅੱਡੇ ਉੱਤੇ ਪਹੁੰਚ ਗਏ। ਹਵਾਈ ਅੱਡੇ ਉੱਤੇ ਜਹਾਜ਼ ਵਿੱਚੋਂ ਉਤਰਦੇ ਹੀ ਪੁਲਿਸ ਨੇ ਪਿਓ ਅਤੇ ਧੀ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਦੱਸ ਦੇਈਏ ਕਿ ਪਾਕਿਸਤਾਨ ਦੀ ਅਦਾਲਤ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਨਵਾਜ਼ ਸ਼ਰੀਫ਼ ਨੂੰ 10 ਸਾਲ ਅਤੇ ਉਸ ਦੀ ਧੀ ਨੂੰ 7 ਸਾਲ ਦੀ ਸਜਾ ਸੁਣਾਈ ਹੈ। ਲੰਡਨ ਤੋਂ ਪਰਤਦੇ ਸਮੇਂ ਉਨ੍ਹਾਂ ਦੀ ਉਡਾਣ ਆਬੂਧਾਬੀ ਰੁਕ ਗਈ ਸੀ। ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ। ਪਾਕਿ ਲਈ ਰਵਾਨਾ ਹੋਣ ਤੋਂ ਪਹਿਲਾਂ ਨਵਾਜ਼ ਸ਼ਰੀਫ਼ ਨੇ ਆਪਣੇ ਸਮਰਥਕਾਂ ਲਈ ਇੱਕ ਵੀਡੀਓ ਮੇਸੈਜ ਭੇਜਿਆ ਸੀ। ਇਸ ਵਿੱਚ ਨਵਾਜ਼ ਨੇ ਕਿਹਾ ਸੀ ਕਿ ਜੋ ਉਸ ਦੇ ਬਸ ਵਿੱਚ ਹੈ ਅਤੇ ਜੋ ਉਸ ਦੇ ਬਸ ਵਿੱਚ ਸੀ, ਉਹ ਉਸ ਨੇ ਕਰ ਦਿੱਤਾ। ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਸ ਨੂੰ ਪਤਾ ਹੈ ਕਿ ਉਸ ਨੂੰ ਲਾਹੌਰ ਪਹੁੰਚਦੇ ਹੀ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਜਾਵੇਗਾ, ਪਰ ਉਹ ਪਾਕਿਸਤਾਨੀ ਕੌਮ ਨੂੰ ਦੱਸਣਾ ਚਾਹੁੰਦਾ ਹੈ ਕਿ ਇਹ ਸਭ ਉਹ ਉਨ੍ਹਾਂ ਲਈ ਹੀ ਕਰ ਰਿਹਾ ਹੈ। ਉਸ ਨੇ ਕਿਹਾ ਕਿ ਉਹ ਇਹ ਕੁਰਬਾਨੀ ਆਪਣੇ ਸਮਰਥਕਾਂ ਲਈ ਹੀ ਦੇ ਰਿਹਾ ਹੈ। ਇਸ ਲਈ ਉਹ ਉਸ ਦਾ ਸਾਥ ਦੇਣ।

ਹੋਰ ਖਬਰਾਂ »