ਕੈਪਸ਼ਨ : ਹਮਲੇ ਵਿੱਚ ਜ਼ਖ਼ਮੀ ਹੋਇਆ ਕਤਰ ਦਾ ਨਾਗਰਿਕ ਸਲਹਾਮ।

ਬੰਗਲੁਰੂ, 15 ਜੁਲਾਈ (ਹਮਦਰਦ ਨਿਊਜ਼ ਸਰਵਿਸ) :  ਕਰਨਾਟਕ ਦੇ ਬੀਦਾਰ ਵਿੱਚ ਬੱਚਾ ਚੋਰੀ ਦੀ ਅਫ਼ਵਾਹ ਵਿੱਚ ਕੁਝ ਲੋਕਾਂ ਨੇ ਗੂਗਲ ਦੇ ਇੰਜੀਨੀਅਰ ਨੂੰ ਕੁੱਟ-ਕੁੱਟ ਮਾਰ ਦਿੱਤਾ। ਇਸ ਘਟਨਾ ਵਿੱਚ ਤਿੰਨ ਲੋਕ ਗੰਭੀਰ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚ ਕਤਰ ਦਾ ਇੱਕ ਨਾਗਰਿਕ ਵੀ ਸ਼ਾਮਲ ਹੈ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹੈਦਰਾਬਾਦ ਦੇ ਮਲਕਪੇਟ ਦਾ ਰਹਿਣ ਵਾਲਾ ਮੁਹੰਮਦ ਆਜਮ ਅਹਿਮਦ ਗੂਗਲ ਵਿੱਚ ਸਾਫ਼ਟਵੇਅਰ ਦਾ ਇੰਜੀਨੀਅਰ ਸੀ। ਇਸ ਘਟਨਾ ਵਿੱਚ ਉਸ ਦੀ ਤੁਰੰਤ ਮੌਤ ਹੋ ਗਈ। ਜਦਕਿ ਉਸ ਦੇ ਨਾਲ ਮੌਜੂਦ ਕਤਰ ਦੇ ਨਾਗਰਿਕ ਸਲਹਾਮ ਕੁਬੈਸੀ (38 ਸਾਲ) ਨੂਰ ਮੁਹੰਮਦ ਅਤੇ ਮੁਹੰਮਦ ਸਲਮਾਨ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਇਹ ਦੋਵੇਂ ਹੈਦਰਾਬਾਦ ਦੇ ਬਰਕਸ ਦੇ ਰਹਿਣ ਵਾਲੇ ਹਨ। ਇਨ੍ਹਾਂ ਨੂੰ ਮੁਢਲੀ ਸਹਾਇਤਾ ਲਈ ਬਿਦਾਰ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਅਤੇ ਬਾਅਦ ਵਿੱਚ ਇਨ੍ਹਾਂ ਨੂੰ ਹੈਦਰਾਬਾਦ ਸ਼ਿਫ਼ਰ ਕਰ ਦਿੱਤਾ ਗਿਆ। ਔਰਾਦ ਪੁਲਿਸ ਸਟੇਸ਼ਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਜਿੱਥੇ ਘਟਨਾ ਵਾਪਰੀ ਹੈ, ਉਹ ਇਲਾਕਾ ਉਨ੍ਹਾਂ ਦੇ ਖੇਤਰ ਵਿਚ ਆਉਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਕੇਸ ਵਿੱਚ ਵਾਟਸਐਪ ਗਰੁੱਪ ਦੇ ਐਡਮਿਨਿਸਟਰੇਟਰ, ਜਿਸ ਨੇ ਇਹ ਮੈਸੇਜ ਅਤੇ ਫੋਟੋ ਵਾਇਰਲ ਕੀਤੀ ਕਿ ਚਾਰ ਲੋਕ ਬੱਚਾ ਚੋਰੀ ਕਰਨ ਆਏ ਹਨ, ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਧਿਕਾਰੀ ਨੇ ਕਿਹਾ ਕਿ 30 ਹੋਰ ਲੋਕ ਵੀ ਗ੍ਰਿਫ਼ਤਾਰ ਕੀਤੇ ਗਏ ਹਨ।

ਕਤਰ ਦੇ ਨਾਗਰਿਕ ਸਲਹਾਮ ਦੀ ਪਤਨੀ ਨੇ ਦੱਸਿਆ ਕਿ ਇਹ ਲੋਕ ਸ਼ੁੱਕਰਵਾਰ ਦੀ ਸਵੇਰ ਹੈਦਰਾਬਾਦ ਦੇ ਬਿਦਾਰ ਗਏ ਸਨ। ਉੱਥੇ ਉਨ੍ਹਾਂ ਨੂੰ ਇੱਕ ਪ੍ਰੋਗਰਾਮ ਵਿੱਚ ਸ਼ਿਰਕਤ ਕਰਨੀ ਸੀ। ਪ੍ਰੋਗਰਾਮ ਤੋਂ ਬਾਅਦ ਉਹ ਇੱਕ ਜ਼ਮੀਨ ਦੇਖਣ ਜਾ ਰਹੇ ਸਨ, ਜਿਸ ਨੂੰ ਖਰੀਦਣ ਵਿੱਚ ਉਨ੍ਹਾਂ ਲੋਕਾਂ ਨੇ ਦਿਲਚਸਪੀ ਦਿਖਾਈ ਸੀ। ਜਦੋਂ ਸ਼ਾਮ ਸਾਢੇ ਚਾਰ ਵਜੇ ਉਹ ਲੋਕ ਔਰਾਦ ਦੇ ਮੁਰਕੀ ਪਿੰਡ ਵਿੱਚ ਇੱਕ ਸਕੂਲ ਦੇ ਨਜ਼ਦੀਕ ਚਾਹ ਪੀਣ ਲਈ ਰੁਕੇ ਤਾਂ ਉਨ੍ਹਾਂ ਨੇ ਦੇਖਿਆ ਕਿ ਬੱਚੇ ਸਕੂਲ ਵਿੱਚੋਂ ਘਰ ਜਾ ਰਹੇ ਸਨ। ਸਲਹਾਮ ਨੇ ਬੱਚਿਆਂ ਨੂੰ ਵਿਦੇਸ਼ੀ ਚਾਕਲੇਟਾਂ ਵੰਡੀਆਂ। ਇਸੇ ਦੌਰਾਨ ਕਿਸੇ ਨੇ ਅਫ਼ਵਾਹ ਫੈਲਾਅ ਦਿੱਤੀ ਕਿ ਕੁਝ ਲੋਕ ਬੱਚਾ ਚੋਰੀ ਕਰਨ ਦੀ ਫਿਰਾਕ ਵਿੱਚ ਚਾਕਲੇਟਾਂ ਵੰਡ ਰਹੇ ਹਨ। ਇਸ ਕਾਰਨ ਉੱਥੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਇਹ ਦੇਖ ਕੇ ਉਹ ਆਪਣੀ ਇਨੋਵਾ ਟੋਇਟਾ ਕਾਰ ਵਿੱਚ ਬੈਠ ਕੇ ਉਥੋਂ ਫਰਾਰ ਹੋ ਗਏ, ਪਰ ਇਸੇ ਦੌਰਾਨ ਕੁਝ ਲੋਕਾਂ ਨੇ ਚਾਕਲੇਟਾਂ ਵੰਡਦੇ ਸਮੇਂ ਉਨ੍ਹਾਂ ਦੀਆਂ ਤਸਵੀਰਾਂ ਲੈ ਲਈਆਂ ਸਨ ਅਤੇ ਉਨ੍ਹਾਂ ਨੂੰ ਵਾਟਸਐਪ ਉੱਤੇ ਵਾਇਰਲ ਕਰ ਦਿੱਤਾ।

ਜਦੋਂ ਉਹ ਲੋਕ ਅਗਲੇ ਪਿੰਡ ਵਿੱਚ ਪੁੱਜੇ ਤਾਂ ਲੋਕਾਂ ਨੇ ਦਰੱਖਤ ਸੁੱਟ ਕੇ ਸੜਕ ਜਾਮ ਕਰ ਦਿੱਤੀ। ਇਹ ਦੇਖ ਕੇ ਕਾਰ ਚਲਾ ਰਹੇ ਆਜਮ ਨੇ ਰੁਕਣ ਦੀ ਬਜਾਏ ਕਾਰ ਨੂੰ ਤੇਜ਼ ਕਰ ਕੇ ਜੰਪ ਮਰਾਉਣ ਦਾ ਯਤਨ ਕੀਤਾ, ਪਰ ਉਨ੍ਹਾਂ ਦੀ ਕਾਰ ਹਾਦਸਾਗ੍ਰਸਤ ਹੋ ਗਈ। ਇਸ ਤੋਂ ਬਾਅਦ ਭੀੜ ਨੇ ਇਨ੍ਹਾਂ ਉੱਤੇ ਹਮਲਾ ਬੋਲ ਦਿੱਤਾ। ਮਲਕਪੇਟ ਤੋਂ ਐਮਆਈਐਮ ਵਿਧਾਇਕ ਦਾ ਕਹਿਣਾ ਹੈ ਕਿ ਇਹ ਹੁਣ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਆਜਮ ਅਹਿਮਦ ਦੀ ਮੌਤ ਹਾਦਸੇ ਵਿੱਚ ਹੋਈ ਹੈ ਜਾਂ ਭੀੜ ਦੀ ਕੁੱਟ ਕਾਰਨ। ਇਸ ਸਬੰਧੀ ਪੁਲਿਸ ਜਾਂਚ ਕਰ ਰਹੀ ਹੈ।

ਹੋਰ ਖਬਰਾਂ »