ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਹੋਈਆਂ ਅਹਿਮ ਵਿਚਾਰਾਂ

ਨਵੀਂ ਦਿੱਲੀ, 22 ਜੁਲਾਈ (ਹਮਦਰਦ ਨਿਊਜ਼ ਸਰਵਿਸ) :  ਰਾਹੁਲ ਗਾਂਧੀ ਦੀ ਪ੍ਰਧਾਨਗੀ ਵਿੱਚ ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਦੀ ਪਹਿਲੀ ਬੈਠਕ ਹੋਈ, ਜਿਸ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਤੇ ਚੋਣਾਂ ਤੋਂ ਬਾਅਦ ਗਠਜੋੜ ਤਿਆਰ ਕਰਨ ਦਾ ਫੈਸਲਾ ਲੈਣ ਲਈ ਅਧਿਕਾਰ ਦਿੱਤੇ ਗਏ। ਬੈਠਕ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੋਂ ਬਿਨਾ ਅਲੱਗ-ਅਲੱਗ ਖੇਤਰਾਂ ਤੋਂ ਆਏ 35 ਬੁਲਾਰਿਆਂ ਨੇ ਆਪਣੀ ਗੱਲ ਰੱਖੀ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਦੱਸਿਆ ਕਿ ਸਾਰੇ ਬੁਲਾਰਿਆਂ ਨੇ ਇੱਕ ਸੁਰ ਵਿੱਚ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਪਾਰਟੀ ਨੂੰ ਅੱਗੇ ਵਧਾਉਣ ਦੀ ਗੱਲ ਕਹੀ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਵਰਕਿੰਗ ਕਮੇਟੀ ਨੇ ਰਾਹੁਲ ਗਾਂਧੀ ਦੀ ਅਗਵਾਈ ਵਿੱਚ 2019 ਦੀਆਂ ਚੋਣਾਂ ਲਈ ਬਿਗਲ ਵਜਾ ਦਿੱਤਾ ਹੈ।

ਇਸ ਮੌਕੇ ਸੰਬੋਧਨ ਕਰਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਜਿੱਥੇ ਪਾਰਟੀ ਦਾ ਵੋਟ ਬੈਂਕ ਵਧਾਉਣ ਨੂੰ ਸਭ ਤੋਂ ਵੱਡੀ ਚੁਣੌਤੀ ਦੱਸਿਆ, ਉੱਥੇ ਉਨ੍ਹਾਂ ਨੇ ਗੈਰ-ਜਿੰਮੇਦਾਰਾਨਾ ਬਿਆਨਾਂ ਨੂੰ ਲੈ ਕੇ ਵੀ ਨਾਰਾਜ਼ਗੀ ਜਾਹਰ ਕੀਤੀ। ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਵੱਡੀ ਲੜਾਈ ਲੜ ਰਿਹਾ ਹਾਂ। ਪਾਰਟੀ ਵਿੱਚ ਸਾਰਿਆਂ ਨੂੰ ਬੋਲਣ ਦਾ ਅਧਿਕਾਰ ਹੈ, ਪਰ ਪਾਰਟੀ ਦਾ ਕੋਈ ਨੇਤਾ ਗ਼ਲਤ ਬਿਆਨਾ ਦਿੰਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਪਾਰਟੀ ਦੇ ਨੇਤਾ ਸ਼ਸ਼ੀ ਥਰੂਰ ਦੇ ਬਿਆਨ ਨੂੰ ਲੈ ਕੇ ਨਾਰਾਜ਼ ਹਨ।

ਆਪਣੇ ਭਾਸ਼ਣ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਵਰਕਿੰਗ ਕਮੇਟੀ ਆਜਾਦੀ ਦੀ ਲੜਾਈ ਦੌਰਾਨ ਵੀ ਕੰਮ ਕਰ ਰਹੀ ਸੀ। ਇਹੀ ਉਹ ਮੰਚ ਹੈ, ਜਿੱਥੇ ਦੇਸ਼ ਨੇ ਚਰਚਾ ਕੀਤੀ, ਬਹਿਸ ਕੀਤੀ, ਦੇਸ਼ ਨੂੰ ਅੰਗਰੇਜੀ ਹਕੂਮਤ ਤੋਂ ਆਜਾਦ ਕਰਵਾਉਣ ਦਾ ਰਾਹ ਤੈਅ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਵਰਕਿੰਗ ਕਮੇਟੀ ਨੇ ਹਰ ਭਾਰਤੀ ਨੂੰ ਆਵਾਜ਼ ਦਿੱਤੀ ਹੈ। ਹਰ ਖੇਤਰ ਦੀ ਨੁਮਾਇੰਦਗੀ ਕਰਨ ਵਾਲੇ ਲੋਕਾਂ ਨੂੰ ਅਤੇ ਸਭ ਤੋਂ ਕਮਜੋਰ ਤਬਕੇ ਤੋਂ ਆਉਣ ਵਾਲੇ ਲੋਕਾਂ ਨੂੰ ਥਾਂ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਾਡੀ ਪਹਿਲੀ ਚੁਣੌਤੀ ਕਾਂਗਰਸ ਵਰਕਿੰਗ ਕਮੇਟੀ ਨੂੰ ਉਸ ਪੱਧਰ ਤੱਕ ਲੈ ਜਾਣਾ ਹੈ।

ਸੁਰਜੇਵਾਲਾ ਨੇ ਕਿਹਾ ਕਿ ਕਾਂਗਰਸ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਇਕੱਲਾ ਸੰਗਠਨ ਹੈ, ਜੋ ਲੜਨ ਵਿੱਚ ਸਮਰੱਥ ਹੈ। ਦੱਸ ਦੇਈਏ ਕਿ ਸੀਡਬਲਿਊਸੀ ਕਾਂਗਰਸ ਪਾਰਟੀ ਵਿੱਚ ਸਭ ਤੋਂ ਵੱਧ ਮਹੱਤਵਪੂਰਨ ਫੈਸਲੇ ਲੈਣ ਵਾਲਾ ਅੰਗ ਹੈ। ਸੋਨੀਆ ਗਾਂਧੀ ਅਤੇ ਡਾ. ਮਨਮੋਹਨ ਸਿੰਘ ਨਵੀਂ ਕਾਂਗਰਸ ਕਾਰਜਕਾਰਨੀ ਕਮੇਟੀ ਵਿੱਚ ਸੀਨੀਅਰ ਮੈਂਬਰ ਹਨ। ਇਹ ਕਮੇਟੀ ਇਸ ਸਾਲ ਹੋਣ ਵਾਲੀਆਂ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਾਲ-ਨਾਲ 2019 ਦੀਆਂ ਲੋਕ ਸਭਾ ਚੋਣਾਂ ਲਈ ਪਾਰਟੀ ਦੀ ਕੋਰ ਟੀਮ ਦਾ ਗਠਨ ਕਰੇਗੀ।  

ਏਆਈਸੀਸੀ ਦੇ ਜਨਰਲ ਸਕੱਤਰ ਅਸ਼ੋਕ ਗਹਿਲੋਤ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਚੋਣ ਮੁਹਿੰਮ ਕਮੇਟੀ ਬਣਾਉਣ ਅਤੇ ਚੋਣਾਂ ਤੋਂ ਪਹਿਲਾਂ ਤੇ ਚੋਣਾਂ ਤੋਂ ਬਾਅਦ ਗਠਜੋੜ ਬਣਾਉਣ ਉੱਤੇ ਫੈਸਲਾ ਲੈਣ ਦੇ ਅਧਿਕਾਰ ਦਿੱਤੇ ਗਏ ਹਨ। ਇਸ ਦੌਰਾਨ ਰਾਹੁਲ ਗਾਂਧੀ ਨੇ ਰਾਜਾਂ ਦੇ ਪ੍ਰਦੇਸ਼ ਪ੍ਰਧਾਨ, ਇੰਚਾਰਜ ਅਤੇ ਵਿਧਾਨ ਮੰਡਲ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ।

ਹੋਰ ਖਬਰਾਂ »