ਗੈਂਗਸਟਰਾਂ ਕੋਲੋਂ 17 ਹਥਿਆਰ, 2 ਸਕਾਰਪੀਓ ਅਤੇ 1 ਹੁੰਡਈ ਕਰੇਟਾ ਕਾਰ ਬਰਾਮਦ

ਚੰਡੀਗੜ੍ਹ, 30 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਪੰਜਾਬ ਪੁਲਿਸ ਨੇ ਅਪਰਾਧਕ ਘਟਨਾਵਾਂ ਨੂੰ ਨੱਥ ਪਾਉਣ ਲਈ ਵਿੱਢੀ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦੇ ਹੋਏ ਦਵਿੰਦਰ ਬੰਬੀਹਾ ਗਿਰੋਹ ਦੇ 11 ਨਾਮੀ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇੰਟੈਲੀਜੈਂਸ ਵਿੰਗ ਦੇ ਆਰਗੇਨਾਈਜ਼ਡ ਕਰਾਈਮ ਕੰਟਰੋਲ ਯੂਨਿਟ (ਓਸੀਸੀਯੂ) ਨੇ ਅਮਨ ਕੁਮਾਰ ਉਰਫ਼ ਅਮਨਾ ਜੈਤੋ ਅਤੇ ਯਾਦਵਿੰਦਰ ਸਿੰਘ ਉਰਫ਼ ਯਾਦੂ ਜੈਤੋ ਨੂੰ ਦਵਿੰਦਰ ਸ਼ੂਟਰ ਗੈਂਗ ਦੇ 9 ਹੋਰ ਮੈਂਬਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਆਈਜੀਪੀ ਇੰਟੈਲੀਜੈਂਸ (ਓਸੀਸੀਯੂ) ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਦੱਸਿਆ ਕਿ ਅਮਨਾ ਜੈਤੋ ਅਤੇ ਯਾਦੂ ਜੈਤੋ ਦੋਵੇਂ ਜਣੇ ਹਰਦੇਵ ਸਿੰਘ ਉਰਫ਼ ਗੋਗੀ ਜਤਾਨਾ ਦੇ ਕਤਲ ਕੇਸ ਵਿੱਚ ਲੋੜੀਂਦੇ ਸਨ। ਗੋਗੀ ਜਤਾਨਾ ਦਾ ਕਤਲ 17 ਜੂਨ 2018 ਨੂੰ ਰਾਮਪੁਰਾ ਫੂਲ ਵਿਖੇ ਸਥਿਤ ਇੱਕ ਪੋਲਟਰੀ ਫਾਰਮ ਵਿੱਚ ਹੋਇਆ ਸੀ। ਇਸ ਸਬੰਧੀ ਰਾਮਪੁਰਾ ਫੂਲ ਦੇ ਪੁਲਿਸ ਥਾਣੇ ਵਿੱਚ ਆਈਪੀਸੀ ਅਤੇ ਆਰਮਜ਼ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਹੈ।

ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਦੱਸਿਆ ਕਿ ਗੋਗੀ ਜਤਾਨਾ ਦਾ ਕਤਲ ਹੋਰ ਨਾਮੀ ਗੈਂਗਸਟਰਾਂ ਮੋਗਾ ਦੇ ਸੁਖਪ੍ਰੀਤ ਸਿੰਘ ਉਰਫ਼ ਬੁੱਢਾ ਅਤੇ ਉਸ ਦੇ ਸਾਥੀ ਫਰੀਦਕੋਟ ਦੇ ਗੁਰਬਖਸ਼ ਸਿੰਘ ਸੇਵਾਵਾਲਾ ਦੇ ਨਿਰਦੇਸ਼ਾਂ ਉੱਤੇ ਕੀਤਾ ਗਿਆ ਸੀ। ਇਸ ਵਾਰਦਾਤ ਮਗਰੋਂ ਸੁਖਪ੍ਰੀਤ ਸਿੰਘ ਬੁੱਢਾ ਨੇ ਇਸ ਕਤਲ ਦਾ ਸਿਹਰਾ ਲੈਣ ਲਈ ਆਪਣੀ ਫੇਸਬੁੱਕ ਆਈਡੀ ਉੱਤੇ ਇਹ ਦਾਅਵਾ ਕੀਤਾ ਸੀ ਕਿ ਉਹ ਸਤੰਬਰ 2016 ਨੂੰ ਹੋਈ ਉਸ ਗੋਲੀਬਾਰੀ ਦੀ ਘਟਨਾ ਵਿੱਚ ਸ਼ਾਮਲ ਸੀ, ਜਿਸ ਵਿੱਚ ਗੈਂਗਸਟਰ ਦਵਿੰਦਰ ਸ਼ੂਟਰ ਮਾਰਿਆ ਗਿਆ ਸੀ।

ਹੋਰ ਖਬਰਾਂ »