ਬਲਾਚੌਰ,  1 ਅਗਸਤ, (ਹ.ਬ.) : ਬਲਾਚੌਰ ਦੇ ਪਿੰਡ ਮਝੋਟ ਦੇ ਇਕ ਨੌਜਵਾਨ ਨੂੰ ਟਰੈਵਲ ਏਜੰਟਾਂ ਵਲੋਂ ਗਲਤ ਢੰਗ ਨਾਲ ਗਰੀਸ ਪਹੁੰਚਾਉਣ ਲਈ ਤੁਰਕੀ ਬਾਰਡਰ ਪਾਰ ਕਰਵਾਉਂਦੇ ਸਮੇਂ ਨਦੀ ਵਿਚ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ। ਮਨਜਿੰਦਰ ਦੋ ਭੈਣਾਂ ਦਾ Îਇਕਲੌਤਾ ਭਰਾ ਸੀ। ਪੀੜਤ ਪਰਿਵਾਰ ਦੇ ਮੁਖੀ ਤਰਸੇਮ ਲਾਲ ਪਿੰਡ ਨਿਊ ਮਝੋਟ ਨੇ ਪੁਲਿਸ ਕੋਲ ਲਿਖਤੀ ਸ਼ਿਕਾਇਤ ਵਿਚ ਦੱਸਿਆ ਕਿ ਫਰਵਰੀ 2018 ਵਿਚ ਉਨ੍ਹਾਂ ਨੂੰ ਰਾਕੇਸ਼ ਕੁਮਾਰ ਪੁੱਤਰ ਪਿਰਥੀ ਰਾਮ ਪਿੰਡ ਰਾਜੂ ਮਾਜਰਾ ਨੇ ਭਰੋਸਾ ਦਿਵਾਇਆ ਸੀ ਕਿ ਉਹ ਖੁਦ ਗਰੀਸ ਵਿਚ ਪੱਕਾ ਹੈ ਤੇ ਉਨ੍ਹਾਂ ਦੇ ਲੜਕੇ ਨੂੰ ਵੀ ਵਰਕ ਪਰਮਿਟ 'ਤੇ ਗਰੀਸ ਲਿਜਾ ਸਕਦਾ ਹੈ।ਇਸ ਦੇ ਬਦਲੇ ਉਸ ਨੇ ਉਨ੍ਹਾਂ ਕੋਲੋਂ ਪੰਜ ਲੱਖ 50 ਹਜ਼ਾਰ ਰੁਪਏ ਲਏ ਸਨ। ਉਨ੍ਹਾਂ ਦੱਸਿਆ ਜਦ ਉਨ੍ਹਾਂ ਨੇ ਮਨਜਿੰਦਰ ਦਾ ਪਾਸਪੋਰਟ ਦੇਖਿਆ ਤਾਂ ਉਸ 'ਤੇ ਮੋਹਰ ਤੁਰਕੀ ਦੇ ਵੀਜ਼ੇ ਦੀ ਸੀ। ਪੁੱਛਣ 'ਤੇ ਉਕਤ ਏਜੰਟ ਨੇ ਕਿਹਾ ਕਿ ਉਨ੍ਹਾਂ ਦੇ ਲੜਕੇ ਨੂੰ ਤੁਰਕੀ  ਤੋਂ ਗਰੀਸ ਭੇਜ ਦਿੱਤਾ ਜਾਵੇਗਾ।  ਇਸ ਦੌਰਾਨ ਰਾਕੇਸ਼ ਕੁਮਾਰ ਗਰੀਸ ਚਲਾ ਗਿਆ।21 ਜੂਨ 2018 ਨੂੰ ਮਨਜਿੰਦਰ ਸਿੰਘ ਦਾ ਫੋਨ ਆਇਆ ਕਿ ਉਨ੍ਹਾਂ ਨੂੰ ਤੁਰਕੀ ਵਿਚ ਹੀ ਬਿਠਾਈ ਰੱਖਿਆ ਹੈ ਤੇ ਉਥੋਂ ਦੇ ਏਜੰਟ ਡੌਂਕੀ  ਰਾਹੀਂ ਤੁਰਕੀ ਦਾ ਬਾਰਡਰ ਪਾਰ ਕਰਾਉਣ ਦਾ ਦਬਾਅ ਪਾ ਰਹੇ ਹਨ।
19 ਜੁਲਾਈ 2018 ਨੂੰ ਫੋਨ ਆਇਆ ਕਿ ਤੁਹਾਡਾ ਬੇਟਾ ਤੁਰਕੀ ਤੋਂ ਬਾਰਡਰ ਪਾਰ ਕਰਦਾ ਹੋਇਆ ਲਾਪਤਾ ਹੋ ਗਿਆ ਜਿਸ ਬਾਰੇ ਉਹ ਪੜਤਾਲ ਕਰ ਰਹੇ ਹਨ। 27 ਜੁਲਾਈ 2018 ਨੂੰ ਮੋਹਨ ਲਾਲ ਪੁੱਤਰ ਮਦਨ ਲਾਲ ਵਾਸੀ ਰੈਲ ਮਾਜਰਾ ਨੇ ਉਨ੍ਹਾਂ ਨੂੰ ਫ਼ੋਨ ਕੀਤਾ ਤੇ ਦੱਸਿਆ ਕਿ ਜਦ ਉਨ੍ਹਾਂ ਨੂੰ ਨਦੀ ਰਾਹੀਂ ਬਾਰਡਰ ਪਾਰ ਕਰਵਾਇਆ ਜਾ ਰਿਹਾ ਸੀ ਤਾਂ ਵਾਪਰੇ ਹਾਦਸੇ ਵਿਚ ਮਨਜਿੰਦਰ ਸਿੰਘ ਡੁੱਬ ਗਿਆ। ਜਦੋਂ ਰਾਕੇਸ਼ ਕੁਮਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਨੇ ਕਿਹਾ ਕਿ ਘਟਨਾ ਜ਼ਰੂਰੀ ਵਾਪਰੀ  ਹੈ ਪਰ ਉਸ ਵਲੋਂ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਗਿਆ। ਜਿਸ ਤੋਂ ਇਹ ਗੱਲ ਸਾਫ ਹੋ ਗਈ ਕਿ ਉਸ ਦੇ ਲੜਕੇ ਦੀ ਮੌਤ ਹੋ ਚੁੱਕੀ ਹੈ।  ਪੁਲਿਸ ਵਲੋਂ ਰਾਕੇਸ਼ ਕੁਮਾਰ, ਉਸ ਦੀ ਪਤਨੀ ਭੋਲੀ ਦੇ ਖ਼ਿਲਾਫ਼ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਹੋਰ ਖਬਰਾਂ »