ਐਂਟੀਗੁਆ ਨੂੰ ਸੌਂਪੀ ਗਈ ਹਵਾਲਗੀ ਅਰਜੀ

ਨਵੀਂ ਦਿੱਲੀ, 5 ਅਗਸਤ (ਹਮਦਰਦ ਨਿਊਜ਼ ਸਰਵਿਸ) :  ਪੀਐਨਬੀ ਘੋਟਾਲੇ ਦੇ ਮੁੱਖ ਦੋਸ਼ੀ ਅਤੇ ਹੀਰਾ ਕਾਰੋਬਾਰੀ ਮੇਹੁਲ ਚੌਕਸੀ ਨੂੰ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ। ਇਸ ਸਬੰਧ ਵਿੱਚ ਭਾਰਤ ਸਰਕਾਰ ਨੇ ਮੇਹੁਲ ਚੌਕਸੀ ਦੀ ਹਵਾਲਗੀ ਨੂੰ ਲੈ ਕੇ ਐਂਟੀਗੁਆ ਸਰਕਾਰ ਨੂੰ ਰਸਮੀ ਤੌਰ ਉੱਤੇ ਅਰਜੀ ਸੌਂਪ ਦਿੱਤੀ ਹੈ।

ਭਾਰਤ ਤੋਂ ਫਰਾਰ ਮੇਹੁਲ ਚੌਕਸੀ ਪਿਛਲੇ ਮਹੀਨੇ ਅਮਰੀਕਾ ਤੋਂ ਐਂਟੀਗੁਆ ਸ਼ਿਫ਼ਟ ਹੋ ਗਿਆ ਸੀ। ਇੱਥੋਂ ਤੱਕ ਕਿ ਉਸ ਕੋਲ ਹੁਣ ਐਂਟੀਗੁਆ ਦੀ ਨਾਗਰਿਕਤਾ ਵੀ ਹੈ। ਇਹੀ ਕਾਰਨ ਹੈ ਕਿ ਭਾਰਤ ਦਾ ਪਾਸਪੋਰਟ ਰੱਦ ਹੋਣ ਦੇ ਬਾਵਜੂਦ ਉਸ ਨੂੰ ਆਸਾਨੀ ਨਾਲ ਐਂਟੀਗੁਆ ਵਿੱਚ ਐਂਟਰੀ ਮਿਲ ਗਈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਐਂਟੀਗੁਆ ਦੇ ਵਿਦੇਸ਼ ਮੰਤਰੀ ਈਪੀ ਚੇਤ ਗਰੀਨ ਨੇ ਭਰੋਸਾ ਦਿੱਤਾ ਸੀ ਕਿ ਮੇਹੁਲ ਚੌਕਸੀ ਦੀ ਹਵਾਲਗੀ ਬਾਰੇ ਕਿਸੇ ਵੀ ਕਾਨੂੰਨੀ ਬੇਨਤੀ ਦਾ ਸਨਮਾਨ ਕੀਤਾ ਜਾਵੇਗਾ।

ਪਿਛਲੇ ਸਾਲ ਨਵੰਬਰ ਮਹੀਨੇ ਵਿੱਚ ਮੇਹੁਲ ਚੌਕਸੀ ਨੂੰ ਐਂਟੀਗੁਆ ਦੀ ਨਾਗਰਿਕਤਾ ਮਿਲੀ ਸੀ। ਦੋ ਦਿਨ ਪਹਿਲਾਂ ਐਂਟੀਗੁਆ ਨੇ ਦਾਅਵਾ ਕੀਤਾ ਸੀ ਕਿ ਭਾਰਤ ਦੇ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੌਕਸੀ ਨੂੰ ਉਸ ਨੇ ਸਾਲ 2017 ਵਿੱਚ ਆਪਣੀ ਨਾਗਰਿਕਤਾ ਉਸ ਦਾ ਪਿਛੋਕੜ ਜਾਂਚਣ ਬਾਅਦ ਹੀ ਦਿੱਤੀ ਹੈ। ਹਾਲਾਂਕਿ ਭਾਰਤ ਤੋਂ ਉਸ ਨੂੰ ਚੌਕਸੀ ਵਿਰੁੱਧ ਕੋਈ ਖਰਾਬ ਜਾਣਕਾਰੀ ਨਹੀਂ ਮਿਲੀ ਸੀ।  ਐਂਟੀਗੁਆ ਦਾ ਕਹਿਣਾ ਹੈ ਕਿ ਭਾਰਤੀ ਸ਼ੇਅਰ ਬਾਜਾਰ ਦੀ ਨਿਆਮਕ ਸੰਸਥਾ ਸੇਬੀ ਨੇ ਵੀ ਚੌਕਸੀ ਦੇ ਸਬੰਧ ਵਿੱਚ ਕੋਈ ਉਲਟ ਰਿਪੋਰਟ ਨਹੀਂ ਦਿੱਤੀ ਸੀ। ਪਰ ਸੇਬੀ ਨੇ ਉਸ ਕੋਲ ਅਜਿਹੀ ਕੋਈ ਅਰਜੀ ਆਉਣ ਜਾਂ ਉਸ ਨੂੰ ਮਨਜੂਰੀ ਦੇਣ ਤੋਂ ਸਾਫ਼ ਇਨਕਾਰ ਕੀਤਾ ਹੈ। ਇਸ ਵਿਚਕਾਰ ਮੁੰਬਈ ਪੁਲਿਸ ਨੇ ਵੀ ਆਪਣੀ ਸਫਾਈ ਵਿੱਚ ਕਿਹਾ ਕਿ 10 ਸਤੰਬਰ 2015 ਨੂੰ ਖੇਤਰੀ ਪਾਸਪੋਰਟ ਦਫ਼ਤਰ ਨੇ ਚੌਕਸੀ ਨੂੰ ਵਿਸ਼ੇਸ਼ ਤਤਕਾਲ ਦਰਜੇ ਦੇ ਤਹਿਤ ਪਾਸਪੋਰਟ ਜਾਰੀ ਕੀਤਾ ਸੀ। ਇਸ ਵਿੱਚ ਕਿਸੇ ਪ੍ਰਕਾਰ ਦੀ ਪੁਲਿਸ ਤਸਦੀਕ ਰਿਪੋਰਟ ਭਾਵ ਪੀਵੀਆਰ ਦੀ ਲੋੜ ਨਹੀਂ ਹੁੰਦੀ ਹੈ। ਹਾਲਾਂਕਿ ਇਸ ਮਾਮਲੇ ਵਿੱਚ ਜਾਂਚ ਦੇ ਹੁਕਮ ਦਿੱਤੇ ਗਏ ਹਨ।

ਦੱਸ ਦੇਈਏ ਕਿ ਐਂਟੀਗੁਆ ਦੇ ਇੱਕ ਅਖ਼ਬਾਰ ਮੁਤਾਬਕ ਐਂਟੀਗੁਆ ਪ੍ਰਸ਼ਾਸਨ ਨੂੰ ਭਾਰਤ ਸਰਕਾਰ ਵੱਲੋਂ ਪੁਲਿਸ ਕਲੀਅਰੰਸ ਸਰਟੀਫਿਕੇਟ ਭਾਵ ਮੁੰਬਈ ਸਥਿਤ ਪਾਸਪੋਰਟ ਦਫ਼ਤਰ ਵੱਲੋਂ ਮੇਹੁਲ ਚੌਕਸੀ ਵਿਰੁੱਧ ਕੋਈ ਗੜਬੜੀ ਦੀ ਜਾਣਕਾਰੀ ਨਹੀਂ ਹੋਣ ਦਾ ਸਰਟੀਫਿਕੇਟ ਮਿਲਿਆ ਸੀ।  

ਹੋਰ ਖਬਰਾਂ »