ਚੰਡੀਗੜ੍ਹ,  6 ਅਗਸਤ, (ਹ.ਬ.) : ਪੰਜਾਬ ਵਿਚ ਦੋਫਾੜ ਹੋਣ ਦੇ ਕੰਢੇ 'ਤੇ ਪੁੱਜੀ ਆਮ ਆਦਮੀ ਪਾਰਟੀ ਵਿਚ ਕਲੇਸ਼ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਦੋ ਧੜਿਆਂ ਵਿਚ ਵੰਡ ਚੁੱਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਇਕ ਦੂਜੇ 'ਤੇ ਸੰਗੀਨ ਦੋਸ਼ ਲਗਾ ਕੇ ਉਨ੍ਹਾਂ ਨੀਵਾਂ ਦਿਖਾਉਣ 'ਤੇ ਤੁਲੇ ਹੋਏ ਹਨ। ਹੁਣ ਪਾਰਟੀ ਹਾਈਕਮਾਨ ਨੇ ਡੈਮੇਜ ਕੰਟਰੋਲ ਅਤੇ ਵਿਧਾਇਕ ਸੁਖਪਾਲ ਖਹਿਰਾ ਨਾਲ ਨਿਪਟਣ ਦੀ ਰਣਨੀਤੀ ਬਣਾਉਂਦੇ ਹੋਏ ਹੁਣ ਭਗਵੰਤ ਮਾਨ ਨੂੰ ਮੁੜ ਸੂਬਾਈ ਪ੍ਰਧਾਨ ਬਣਾ ਕੇ ਸਾਹਮਣੇ ਲਿਆਉਣ ਦਾ ਫ਼ੈਸਲਾ ਕੀਤਾ ਹੈ। ਇਸ ਦੇ ਲਈ ਪਾਰਟੀ ਹਾਈਕਮਾਨ ਦੇ ਨੇਤਾਵਾਂ ਨੇ ਉਨ੍ਹਾਂ ਨਾਲ ਦਿੱਲੀ ਦੇ ਹਸਪਤਾਲ ਵਿਚ ਜਾ ਕੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਹਾਲਚਾਲ ਪੁੱਛਿਆ। ਨਾਲ ਹੀ ਉਨ੍ਹਾਂ ਨੇ ਪੰਜਾਬ ਦੀ ਕਮਾਨ ਮੁੜ ਸੰਭਾਲਣੀ ਦੀ ਅਪੀਲ ਕੀਤੀ ਜਿਸ ਨੂੰ ਭਗਵੰਤ ਮਾਨ ਨੇ ਮੰਨ ਲਿਆ। ਹੁਣ ਛੇਤੀ ਹੀ ਮਾਨ ਪੰਜਾਬ ਦੇ ਪਾਰਟੀ ਪ੍ਰਧਾਨ ਦੇ ਰੂਪ ਵਿਚ ਮੁੜ ਅਪਣੀ ਨਵੀਂ ਪਾਰੀ ਸ਼ੁਰੂ ਕਰਨਗੇ। ਦੱਸ ਦੇਈਏ ਕਿ ਮਾਨ ਨੇ ਪਹਿਲਾਂ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਜੋ ਕਿ ਅਜੇ ਮਨਜ਼ੂਰ ਨਹੀਂ ਹੋਇਆ ਹੈ। ਹਾਲਾਂਕਿ ਡਾ. ਬਲਵੀਰ ਸਿੰਘ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਹੋÎਇਆ ਹੈ।
ਬਠਿੰਡਾ ਵਿਚ ਦੋ ਅਗਸਤ ਨੂੰ ਹੋਈ ਖਹਿਰਾ ਦੀ ਪਾਰਟੀ ਕਨਵੈਨਸ਼ਨ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੇ 13 ਅਗਸਤ ਨੂੰ ਜਲੰਧਰ ਵਿਚ ਪਾਰਟੀ ਦੀ ਮੀਟਿੰਗ ਰੱਖੀ ਹੈ। ਇਸ ਮੀਟਿੰਗ ਵਿਚ ਪਾਰਟੀ ਦੇ ਸਾਰੇ ਵਿਧਾਇਕਾਂ ਅਤੇ ਅਹੁਦੇਦਾਰਾਂ ਨੂੰ ਬੁਲਾਇਆ ਗਿਆ ਹੈ ਹੈ ਤਾਕਿ ਪਾਰਟੀ ਵਿਚ ਚਲ ਰਹੇ ਮੌਜੂਦਾ ਸੰਕਟ 'ਤੇ ਵਿਚਾਰ ਵਟਾਂਦਰਾ ਕੀਤਾ ਜਾ ਸਕੇ।
ਖਹਿਰਾ ਅਤੇ ਸਮਰਥਕ ਵਿਧਾਇਕਾਂ 'ਤੇ ਪਾਰਟੀ ਵਿਰੋਧੀ ਗਤੀਵਿਧੀਆਂ  ਨੂੰ ਲੈ ਕੇ ਕਾਰਵਾਈ 13 ਅਗਸਤ ਦੀ ਮੀਟਿੰਗ ਤੋਂ ਬਾਅਦ ਕੀਤੀ ਜਾਵੇਗੀ । ਹਾਲਾਂਕਿ ਪਹਿਲਾਂ ਕਿਹਾ ਜਾ ਰਿਹਾ ਸੀ ਕਿ 13 ਦੀ ਮੀਟਿੰਗ ਤੋਂ ਪਹਿਲਾਂ ਇਨ੍ਹਾਂ 'ਤੇ ਕਾਰਵਾਈ ਤੈਅ ਹੈ ਪਰ ਹੁਣ ਕਾਰਵਾਈ ਦਾ ਫ਼ੈਸਲਾ ਮੀਟਿੰਗ ਤੋਂ ਬਾਅਦ ਕੀਤਾ ਜਾਵੇਗਾ। 

ਹੋਰ ਖਬਰਾਂ »