ਮੋਹਾਲੀ, 7 ਅਗਸਤ, (ਹ.ਬ.) : ਮਾਡਲ ਅਤੇ ਅਦਾਕਾਰਾ ਨਾਲ ਰੇਪ ਕਰਨ ਦੇ ਮਾਮਲੇ ਵਿਚ ਹਾਈ ਕੋਰਟ ਦੇ ਹੁਕਮਾਂ 'ਤੇ ਪੰਜਾਬੀ ਗਾਇਕ  ਜਰਨੈਲ ਸਿੰਘ ਜੈਲੀ ਦੀ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਹੋਣ ਤੋਂ ਬਾਅਦ ਜੈਲੀ ਦੇ ਪਰਿਵਾਰ ਵਲੋਂ ਮੁਹਾਲੀ ਦੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਵਿਚ 5 ਲੱਖ ਰੁਪਏ ਦਾ ਜ਼ਮਾਨਤੀ ਮੁਚਲਕਾ ਭਰਿਆ ਗਿਆ ਹੈ ਅਤੇ ਜੈਲੀ ਹੁਣ ਛੇਤੀ ਹੀ ਜੇਲ੍ਹ ਤੋਂ ਬਾਹਰ ਆ ਸਕਦਾ ਹੈ। ਦੱਸਣਯੋਗ ਹੈ ਕਿ ਪੁਲਿਸ ਵਲੋਂ ਅਦਾਲਤ ਵਿਚ ਪੇਸ਼ ਸਪਲੀਮੈਂਟਰੀ ਚਲਾਨ ਵਿਚ ਜਰਨੈਲ ਸਿੰਘ ਜੈਲੀ ਖ਼ਿਲਾਫ਼ ਧਾਰਾ 313, 506 ਲਗਾਈ ਗਈ ਸੀ ਜਦ ਕਿ ਜਬਰ ਜਨਾਹ ਦੀ ਧਾਰਾ 376, 376 ਡੀ ਸਮੇਤ ਹੋਰ ਕਈ ਧਾਰਾਵਾਂ ਤੋੜ ਦਿੱਤੀਆਂ ਗਈਆਂ ਹਨ। ਇਸ ਮਾਮਲੇ ਵਿਚ ਪੁਲਿਸ ਵਲੋਂ ਮਨਿੰਦਰ ਮੰਗਾ ਅਤੇ ਸਵਰਨ ਸਿੰਘ ਛਿੰਦਾ ਦਾ ਪੋਲੀਗਰਾਫ਼ ਟੈਸਟ ਵੀ ਕਰਵਾਇਆ ਜਾ ਚੁੱਕਾ ਹੈ। ਪੁਲਿਸ ਮੁਤਾਬਕ ਇਸ ਟੈਸਟ ਰਿਪੋਰਟ ਵਿਚ ਮੰਗਾ ਅਤੇ ਛਿੰਦੇ ਦੀ ਸ਼ਮੂਲੀਅਤ ਸਾਹਮਣੇ ਨਹੀਂ ਆਉਂਦੀ ਜਦ ਕਿ ਜੈਲੀ ਦੇ ਕਰਵਾਏ ਪੋਲੀਗਰਾਫ਼ ਟੈਸਟ ਵਿਚ ਪੀੜਤਾ ਨਾਲ ਆਪਸੀ ਰਜ਼ਾਮੰਦੀ ਨਾਲ ਸਰੀਰਕ ਸਬੰਧ ਬਣਾਏ ਜਾਣ ਦੀ ਪੁਸ਼ਟੀ ਤਾਂ ਹੁੰਦੀ ਹੈ ਪ੍ਰੰਤੂ ਪੀੜਤਾ ਨੂੰ ਧਮਕੀਆਂ ਦੇਣ ਅਤੇ ਉਸ ਦਾ ਗਰਭਪਾਤ ਕਰਾਉਣ ਸਬੰਧੀ ਪੁਸ਼ਟੀ ਨਹੀਂ ਹੁੰਦੀ। ਜੈਲੀ ਨੇ 19 ਅਪ੍ਰੈਲ 2017 ਨੂੰ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ ਸੀ ਉਦੋਂ ਤੋਂ ਹੀ ਜਰਨੈਲ ਸਿੰਘ ਜੈਲੀ ਜੇਲ੍ਹ ਵਿਚ ਬੰਦ ਹੈ।

ਹੋਰ ਖਬਰਾਂ »