ਨਵੀਂ ਦਿੱਲੀ, 8 ਅਗਸਤ, (ਹ.ਬ.) : ਦਿੱਗਜ ਅਭਿਨੇਤਾ ਧਰਮਿੰਦਰ ਅਪਣੇ ਦੋਵੇਂ ਪੁੱਤਰਾਂ, ਸਨੀ ਦਿਓਲ ਅਤੇ ਬੌਬੀ ਦਿਓਲ ਦੇ ਨਾਲ ਇਕ ਵਾਰ ਮੁੜ ਫ਼ਿਲਮ ਯਮਲਾ ਪਗਲਾ ਦੀਵਾਨਾ ਵਿਚ ਮੁੜ ਤੋਂ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ਦਾ ਇਕ ਹੋਰ ਨਵਾਂ ਗਾਣਾ ਰਿਲੀਜ਼ ਹੋਇਆ ਹੈ। ਇਸ ਫ਼ਿਲਮ ਦਾ ਪਹਿਲਾ ਗਾਣਾ ਲਿਟਲ ਲਿਟਲ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ ਜਿਸ ਵਿਚ ਤਿੰਨੋਂ ਬਾਪ ਬੇਟੇ ਬਿੰਦਾਸ ਅੰਦਾਜ਼ ਵਿਚ ਡਾਂਸ ਦਾ ਭਰਪੂਰ ਮਜ਼ਾ ਲੈਂਦੇ ਹੋਏ ਨਜ਼ਰ ਆ ਰਹੇ ਹਨ। ਜਿੱਥੇ ਲਿਟਲ ਲਿਟਲ ਗਾਣੇ ਨੂੰ ਸੁਣਨ ਤੋਂ ਬਾਅਦ ਆਪ ਖੁਦ ਨੂੰ ਡਾਂਸ ਕਰਨ ਤੋਂ ਨਹੀਂ ਰੋਕ ਸਕਦੇ ਹਨ ਉਥੇ ਹੀ ਇਸ ਫ਼ਿਲਮ ਦਾ ਦੂਜਾ ਗਾਣਾ ਆਪ ਦੇ ਦਿਲ ਨੂੰ ਛੂ ਲਵੇਗਾ।
ਨਵੇਂ ਗਾਣੇ ਨਜ਼ਰ ਬੱਟੂ ਵਿਚ ਬੌਬੀ ਦਿਓਲ ਅਦਾਕਾਰਾ ਕ੍ਰਿਤੀ ਖਰਬੰਦਾ ਨੂੰ ਲੋਕਾਂ ਦੀ ਬੁਰੀ ਨਜ਼ਰ ਤੋਂ ਬਚਾਉਣ ਦੇ ਲਈ ਨੱਚਦੇ ਗਾਂਉਂਦੇ  ਅਤੇ ਉਨ੍ਹਾਂ ਦੇ ਨਜ਼ਰ ਬੱਟੂ ਬਣਨ ਦੀ ਗੱਲ ਕਹਿੰਦੇ ਦਿਖ ਰਹੇ ਹਨ। ਇਸ ਗਾਣੇ ਦੇ ਜ਼ਰੀਏ ਬੌਬੀ ਅਤੇ ਕ੍ਰਿਤੀ ਦਾ ਪਿਆਰ ਭਰਿਆ ਅੰਦਾਜ਼ ਨਜ਼ਰ ਆ ਰਿਹਾ ਹੈ।  ਇਸ ਗਾਣੇ ਦੇ ਬੋਲ ਨਜ਼ਰ ਬੱਟੂ ਮੈਂ ਤੇਰਾ ਬਣਿਆ ਓਏ ਮੈਂ ਤੇਰਾ ਬਣਿਆ, ਨਾਲ ਬੌਬੀ ਦਿਓਲ ਅਪਣਾ ਪਿਆਰ ਕ੍ਰਿਤੀ ਦੇ ਲਈ ਜ਼ਾਹਰ ਕਰ ਰਹੇ ਹਨ। ਇਸ ਗਾਣੇ ਨੂੰ ਸਚੇਤ ਟੰਡਨ ਨੇ ਗਾਇਆ ਹੈ। 
ਦੱਸ ਦੇਈਏ ਕਿ ਫ਼ਿਲਮ ਯਮਲਾ ਪਗਲਾ ਦੀਵਾਨਾ 31 ਅਗਸਤ ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਫ਼ਿਲਮ ਵਿਚ ਦਿਓਲ ਪਰਿਵਾਰ ਦੇ ਨਾਲ ਇਸ ਵਾਰ ਸਲਮਾਨ ਖਾਨ ਵੀ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ਨੂੰ ਨਵਨੀਤ ਸਿੰਘ ਨਿਰਦੇਸ਼ਤ ਕਰ ਰਹੇ ਹਨ। ਨਵਨੀਤ ਸਿਰਫ ਪੰਜਾਬੀ ਫ਼ਿਲਮ ਹੀ ਡਾਇਰੈਕਟ ਕਰਦੇ ਹਨ ਅਤੇ ਇਹ ਉਨ੍ਹਾਂ ਦੀ ਪਹਿਲੀ ਹਿੰਦੀ ਫਿਲਮ ਹੈ। ਬਾਪ ਬੇਟਿਆਂ ਦੀ ਇਹ ਤਿਕੜੀ ਮੁੜ ਤੋਂ ਲੋਕਾਂ ਨੂੰ ਹਸਾਉਣ ਲਈ ਮਜਬੂਰ ਕਰਨ ਵਾਲੀ ਹੈ।

ਹੋਰ ਖਬਰਾਂ »