ਬਾਜਾਖਾਨਾ, 8 ਅਗਸਤ, (ਹ.ਬ.) : ਬਾਜਾਖਾਨਾ ਦੇ ਨਜ਼ਦੀਕੀ ਪਿੰਡ ਡੋਡ ਵਿਚ ਸਥਿਤ ਪੰਜਾਬ ਐਂਡ ਸਿੰਧ ਬੈਂਕ ਦੀ ਸ਼ਾਖਾ ਵਿਚੋਂ ਮੰਗਲਵਾਰ ਦੁਪਹਿਰ ਕਰੀਬ ਤਿੰਨ ਵਜੇ ਛੇ ਨੌਜਵਾਨ ਹਥਿਆਰਾਂ ਦੀ ਨੋਕ 'ਤੇ 7.80 ਲੱਖ ਰੁਪਏ ਲੈ ਕੇ ਫਰਾਰ ਹੋ ਗਏ। ਜਾਂਦੇ ਸਮੇਂ ਲੁਟੇਰੇ  ਬੈਂਕ ਵਿਚ ਲੱਗੇ ਸੀਸੀਟੀਵੀ ਦੀ ਡੀਵੀਆਰ, ਗੰਨਮੈਨ ਦੀ 12 ਬੋਰ ਬੰਦੂਕ ਅਤੇ ਸਟਾਫ਼ ਦੇ ਮੋਬਾਈਲ ਵੀ ਖੋਹ ਲੈ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਕੁਲਦੀਪ ਸਿੰਘ, ਥਾਣਾ ਬਾਜਾਖਾਨਾ ਇੰਚਾਰਜ ਚੰਨਣ ਸਿੰਘ ਪੁਲਿਸ ਫੋਰਸ ਲੈ ਕੇ ਘਟਨਾ ਸਥਾਨ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ।
ਪਿੰਡ ਡੋਡ ਦੇ ਪੰਜਾਬ ਐਂਡ ਸਿੰਧ ਬੈਂਕ ਦੇ ਪ੍ਰਬੰਧਕ ਦੀਪਕ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਦੁਪਹਿਰ ਕਰੀਬ 3 ਵਜੇ ਤਿੰਨ ਮੋਟਰ ਸਾਈਕਲਾਂ 'ਤੇ  ਸਵਾਰ ਛੇ ਨੌਜਵਾਨ ਇਕ ਇਕ ਕਰਕੇ ਬੈਂਕ ਦੇ ਅੰਦਰ ਪੁੱਜੇ।  ਪਹਿਲਾਂ ਇਕ ਨੌਜਵਾਨ ਆ ਕੇ ਵਾਊਚਰ ਭਰਵਾਉਣ ਦੇ ਬਹਾਨੇ ਬੈਂਕ ਦੇ ਸੁਰੱਖਿਆ ਗਾਰਡ ਕੋਲ ਪਈ ਕੁਰਸੀ 'ਤੇ ਬੈਠ ਗਿਆ। ਉਸ ਤੋਂ ਬਾਅਦ ਦਾਖ਼ਲ ਹੋਏ ਦੋ ਨੌਜਵਾਨਾਂ ਵਿਚੋਂ ਇਕ ਨੌਜਵਾਨ ਬੈਂਕ ਮੈਨੇਜਰ ਵਾਲੇ ਕੈਬਿਨ ਵਿਚ ਅਤੇ ਦੂਜਾ ਕੈਸ਼ੀਅਰ ਦੇ ਕੈਬਿਨ ਵਿਚ ਜਾ ਵੜਿਆ ਜਦ ਕਿ ਕੁਰਸੀ 'ਤੇ ਬੈਠੇ ਨੌਜਵਾਨ ਨੇ ਗੰਨਮੈਨ  ਬਲਵਿੰਦਰ ਸਿੰਘ ਦੀ ਰਾਈਫਲ ਖੋਹ ਲਈ ਅਤੇ ਉਥੇ ਖੜ੍ਹੇ ਚਾਰ ਪੰਜ ਲੋਕਾਂ ਨੂੰ ਵੀ ਬੰਦੂਕ ਤਾਣ ਕੇ ਦੀਵਾਰ ਕੋਲੰ ਬੰਧਕ ਬਣਾ ਲਿਆ।  ਬਾਅਦ ਵਿਚ ਬਾਕੀ ਦੇ ਤਿੰਨ ਸਾਥੀਆਂ ਨੇ ਦਾਖ਼ਲ ਹੋ ਕੇ ਹੋਰ ਕਰਮਚਾਰੀਆਂ ਦੇ ਪਿੱਛੇ ਪਹੁੰਚ ਉਨ੍ਹਾਂ 'ਤੇ ਹਥਿਆਰ ਤਾਣ ਦਿੱਤੇ।  ਇਸ ਤੋਂ ਬਾਅਦ ਉਹ ਕੈਸ਼ੀਅਰ ਦੇ ਕੈਬਿਨ ਵਿਚ ਪਏ ਕਰੀਬ 7 ਲੱਖ 80 ਹਜ਼ਾਰ 700 ਰੁਪਏ, ਬੈਂਕ ਦੇ ਸੀਸੀਟੀਵੀ ਦੀ ਰਿਕਾਰਡਿੰਗ ਵਾਲੀ ਡੀਵੀਆਰ, ਗੰਨਮੈਨ ਬਲਵਿੰਦਰ ਸਿੰਘ ਦੀ 12 ਬੋਰ ਬੰਦੂਕ ਅਤੇ ਸਾਰੇ ਸਟਾਫ਼ ਦੇ ਮੋਬਾਈਲ ਫੋਨ ਅਪਣੇ ਨਾਲ ਲੈ ਕੇ ਫਰਾਰ ਹੋ ਗਏ।  ਬਾਅਦ ਵਿਚ ਉਨ੍ਹਾਂ ਨੇ ਸਾਰੇ ਫੋਨ ਰਸਤੇ ਵਿਚ ਸੁੱਟ ਦਿੱਤੇ।   ਮਾਮਲੇ ਦੀ ਜਾਂਚ ਕਰ ਰਹੇ ਡੀਐਸਪੀ ਕੁਲਦੀਪ ਸਿੰਘ ਨੇ ਦੱਸਿਆ ਕਿ ਪਿੰਡ ਵਿਚ ਲੱਗੇ ਇਕ ਹੋਰ ਸੀਸੀਟੀਵੀ ਤੋਂ ਮਿਲੀ ਫੁਟੇਜ ਦੇ ਅਧਾਰ 'ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਹੋਰ ਖਬਰਾਂ »