ਪਟਨਾ, 8 ਅਗਸਤ (ਹਮਦਰਦ ਨਿਊਜ਼ ਸਰਵਿਸ) : ਬਿਹਾਰ ਦੀ ਸਮਾਜ ਭਲਾਈ ਮੰਤਰੀ ਮੰਜੂ ਵਰਮਾ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਬਾਲਿਕਾ ਗ੍ਰਹਿ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਆਪਣਾ ਅਤੇ ਆਪਣੇ ਪਤੀ ਚੰਦਰੇਸ਼ਵਰ ਵਰਮਾ ਦਾ ਨਾਂ ਆਉਣ ਬਾਅਦ ਅੱਜ ਮੰਜੂ ਵਰਮਾ ਨੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ।

ਦੱਸ ਦੇਈਏ ਕਿ ਵਿਰੋਧੀ ਪਾਰਟੀਆਂ ਮੰਜੂ ਵਰਮਾ ਦੇ ਅਸਤੀਫੇ ਦੀ ਮੰਗ ਲਗਾਤਾਰ ਕਰ ਰਹੀਆਂ ਸਨ, ਜਿਸ ਤੋਂ ਬਾਅਦ ਅੱਜ ਮੰਜੂ ਵਰਮਾ ਨੇ ਆਪਣਾ ਅਸਤੀਫਾ ਦੇ ਦਿੱਤਾ। ਅਸਤੀਫਾ ਦੇਣ ਬਾਅਦ ਮੰਜੂ ਵਰਮਾ ਨੇ ਕਿਹਾ ਕਿ ਉਸ ਨੂੰ ਸੀਬੀਆਈ ਅਤੇ ਨਿਆਂਪਾਲਿਕਾ ਉੱਤੇ ਪੂਰਾ ਭਰੋਸਾ ਹੈ। ਉਸ ਨੂੰ ਯਕੀਨ ਹੈ ਕਿ ਸੱਚਾਈ ਲੋਕਾਂ ਦੇ ਸਾਹਮਣੇ ਆਵੇਗੀ ਅਤੇ ਉਸ ਦੇ ਪਤੀ ਉੱਤੇ ਲੱਗੇ ਦੋਸ਼ ਵੀ ਗ਼ਲਤ ਸਿੱਧ ਹੋਣਗੇ।

ਮੰਜੂ ਵਰਮਾ ਨੇ ਕਿਹਾ ਕਿ ਦੋਸ਼ੀ ਬ੍ਰਜੇਸ਼ ਠਾਕੁਰ ਦੀ ਕਾਲ ਰਿਕਾਰਡ ਨੂੰ ਜਨਤਕ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਇਹ ਸਾਫ਼ ਹੋ ਜਾਵੇ ਕਿ ਉਹ ਕਿਹੜੇ-ਕਿਹੜੇ ਲੋਕਾਂ ਨਾਲ ਗੱਲ ਕਰਦਾ ਸੀ। ਮੰਜੂ ਵਰਮਾ ਨੇ ਬੀਤੇ ਦਿਨ ਸਵੀਕਾਰ ਕੀਤਾ ਸੀ ਕਿ ਉਸ ਦੀ ਬਾਲਿਕਾ ਗ੍ਰਹਿ ਮਾਮਲੇ ਦੇ ਮੁੱਖ ਮੁਲਜ਼ਮ ਬ੍ਰਜੇਸ਼ ਠਾਕੁਰ ਨਾਲ ਗੱਲ ਹੁੰਦੀ ਸੀ। ਬ੍ਰਜੇਸ਼ ਠਾਕੁਰ ਦੇ ਮੋਬਾਇਲ ਫੋਨ ਦੇ ਸੀਡੀਆਰ ਤੋਂ ਖੁਲਾਸਾ ਹੋਇਆ ਸੀ ਕਿ ਜਨਵਰੀ ਤੋਂ ਹੁਣ ਤੱਕ ਮੰਜੂ ਵਰਮਾ ਨਾਲ ਬ੍ਰਜੇਸ਼ ਠਾਕੁਰ ਦੀ 17 ਵਾਰ ਗੱਲ ਹੋਈ ਸੀ। ਇਸ ਖੁਲਾਸੇ ਤੋਂ ਬਾਅਦ ਮੁਜੱਫਰਪੁਰ ਮਾਮਲੇ ਨੂੰ ਲੈ ਕੇ ਸਮਾਜ ਭਲਾਈ ਮੰਤਰੀ ਮੰਜੂ ਵਰਮਾ ਉੱਤੇ ਅਸਤੀਫੇ ਦੀ ਤਲਵਾਰ ਲਟਕ ਰਹੀ ਸੀ ਤੇ ਵਿਰੋਧੀ ਧਿਰ ਲਗਾਤਾਰ ਉਨ੍ਹਾਂ ਵਿਰੁੱਧ ਹਮਲਾਵਰ ਰੁਖ ਅਪਣਾ ਰਹੀ  ਸੀ।

ਹੋਰ ਖਬਰਾਂ »