ਸਰਹੱਦ ਦੀ ਸੁਰੱਖਿਆ ਲਈ ਬਣਾਵਾਂਗੇ ਕੰਧ : ਡੋਨਾਲਡ ਟਰੰਪ

ਸੈਨ ਡਿਏਗੋ (ਅਮਰੀਕਾ), 8 ਅਗਸਤ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਵਿੱਚ ਪਿਛਲੇ ਸਾਲ 7 ਲੱਖ ਤੋਂ ਵੱਧ ਵਿਦੇਸ਼ੀਆਂ ਨੂੰ ਵੀਜੇ ਦੀ ਮਿਆਦ ਖ਼ਤਮ ਹੋਣ ਮਗਰੋਂ ਦੇਸ਼ ਵਿੱਚੋਂ ਜਾਣਾ ਸੀ, ਪਰ ਉਹ ਜਿਆਦਾ ਸਮੇਂ ਤੱਕ ਰੁਕੇ ਰਹੇ।  ਅੰਦਰੂਨੀ ਸੁਰੱਖਿਆ ਮੰਤਰਾਲੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੈਕਸਿਕੋ ਨਾਲ ਲਗਦੀ ਸਰਹੱਦ ਉੱਤੇ ਅਰਬਾਂ ਡਾਲਰ ਦੀ ਲਾਗਤ ਨਾਲ ਕੰਧ ਦੀ ਉਸਾਰੀ ਕਰਵਾ ਕੇ ਸਰਹੱਦ ਨੂੰ ਸੁਰੱਖਿਅਤ ਬਣਾਉਣ ਦੀ ਗੱਲ ਕਹੀ ਹੈ। ਹਾਲ ਦੇ ਸਾਲਾਨਾ ਅੰਕੜੇ ਦੱਸਦੇ ਹਨ ਕਿ ਬਹੁਤ ਸਾਰੇ ਅਜਿਹੇ ਗੈਰ-ਕਾਨੂੰਨੀ ਪ੍ਰਵਾਸੀ ਹਨ, ਜੋ ਵੀਜੇ ਦੀ ਮਿਆਦ ਖਤਮ ਹੋਣ ਮਗਰੋਂ ਵੀ ਦੇਸ਼ ਵਿੱਚ ਰੁਕੇ ਹੋਏ ਹਨ।

ਇੱਕ ਅੰਦਾਜੇ ਮੁਤਾਬਕ ਦੇਸ਼ ਦੇ 1 ਕਰੋੜ 10 ਲੱਖ ਲੋਕਾਂ ਵਿੱਚੋਂ 40 ਫੀਸਦੀ ਲੋਕ ਵੀਜੇ ਦੀ ਮਿਆਦ ਖਤਮ ਹੋਣ ਬਾਅਦ ਵੀ ਗੈਰ-ਕਾਨੂੰਨੀ ਢੰਗ ਨਾਲ ਦੇਸ਼ ਵਿੱਚ ਰਹਿ ਰਹੇ ਹਨ। ਅਕਤੂਬਰ 2016 ਤੋਂ ਸਤੰਬਰ 2017 ਵਿਚਕਾਰ ਜਹਾਜ਼ ਰਾਹੀਂ ਆਉਣ ਵਾਲੇ ਸੈਲਾਨੀਆਂ ਵਿੱਚੋਂ 7 ਲੱਖ ਲੋਕ ਵੀਜੇ ਦੀ ਮਿਆਦ ਖਤਮ ਹੋਣ ਬਾਅਦ ਵੀ ਦੇਸ਼ ਵਿੱਚ ਰੁਕੇ ਹੋਏ ਹਨ। ਵੀਜੇ ਦੀ ਮਿਆਦ ਤੋਂ ਵੱਧ ਸਮਾਂ ਰੁਕਣ ਵਾਲੇ ਲੋਕਾਂ ਦੀ ਗਿਣਤੀ ਕਾਫੀ ਜਿਆਦਾ ਹੈ, ਪਰ ਅਜੇ ਇਸ ਦਾ ਸਹੀ ਪਤਾ ਨਹੀਂ ਹੈ, ਕਿਉਂਕਿ ਇਸ ਵਿੱਚ ਇਹ ਸ਼ਾਮਲ ਨਹੀਂ ਹੈ ਕਿ ਕਿੰਨੇ ਲੋਕ ਸੜਕੀ ਮਾਰਗ ਰਾਹੀਂ ਅਮਰੀਕਾ ਵਿੱਚ ਦਾਖ਼ਲ ਹੋਏ ਹਨ।

ਅਮਰੀਕਾ ਵਿੱਚ ਜਿਆਦਾਤਰ ਲੋਕ ਕਾਰੋਬਾਰ ਦੇ ਉਦੇਸ਼ ਨਾਲ ਆਉਂਦੇ ਹਨ ਅਤੇ ਫਿਰ ਜਿਵੇਂ ਹੀ ਉਨ੍ਹਾਂ ਦਾ ਕਾਰੋਬਾਰ ਪੂਰੀ ਤਰ੍ਹਾਂ ਚੱਲ ਪੈਂਦਾ ਹੈ, ਤਾਂ ਉਹ ਰੁਕ ਜਾਂਦੇ ਹਨ। ਕਾਰੋਬਾਰੀ ਲੋਕ ਇਹ ਵੀ ਭੁੱਲ ਜਾਂਦੇ ਹਨ ਕਿ ਉਨ੍ਹਾਂ ਦੇ ਵੀਜੇ ਦੀ ਮਿਆਦ ਸਮਾਪਤ ਹੋਣ ਵਾਲੀ ਹੈ। ਦੱਸ ਦੇਈਏ ਕਿ ਟਰੰਪ ਸਰਕਾਰ ਵੱਲੋਂ ਵੀਜਾ ਨਿਯਮਾਂ ਵਿੱਚ ਸਖ਼ਤੀ ਦੇ ਵਿਚਕਾਰ ਅਮਰੀਕਾ ਵਿੱਚ ਵਸਣ ਅਤੇ ਕਾਰੋਬਾਰ ਕਰਨ ਦੀ ਇੱਛਾ ਰੱਖਣ ਵਾਲੇ ਭਾਰਤੀਆਂ ਵਿੱਚ ਉੱਥੋਂ ਦੇ ਈਬੀ-5 ਵੀਜਾ ਪ੍ਰੋਗਰਾਮ ਵੱਲ ਖਿਚਾਅ ਵੱਧ ਰਿਹਾ ਹੈ। ਇਹ ਜਾਣਕਾਰੀ ਇਸ ਤਰ੍ਹਾਂ ਦੇ ਪ੍ਰੋਗਰਾਮ ਨਾਲ ਜੁੜੀ ਇੱਕ ਵਿੱਤੀ ਸੇਵਾ ਫਰਮ ਨੇ ਦਿੱਤੀ ਹੈ। ਈਬੀ-5 ਵੀਜਾ ਪ੍ਰੋਗਰਾਮ ਦੇ ਤਹਿਤ ਗ੍ਰੀਨ ਕਾਰਡ ਹਾਸਲ ਕਰਨ ਲਈ ਵਿਅਕਤੀ ਨੂੰ ਕਿਸੇ ਯੋਜਨਾ ਵਿੱਚ 5 ਲੱਖ ਤੋਂ 10 ਲੱਖ ਡਾਲਰ ਦੇ ਵਿਚਕਾਰ ਨਿਵੇਸ਼ ਕਰਨਾ ਹੁੰਦਾ ਹੈ, ਜੋ ਕਿ ਘੱਟ ਤੋਂ ਘੱਟ 10 ਨੌਕਰੀਆਂ ਪੈਦਾ ਕਰ ਸਕੇ।

ਇਹ ਵਿਦੇਸ਼ੀ ਨਾਗਰਿਕਾਂ ਅਤੇ ਉਨ੍ਹਾਂ ਦੇ ਪਰਿਵਾਰ (ਉਨ੍ਹਾਂ ਦੇ 21 ਸਾਲ ਤੱਕ ਦੇ ਬੱਚੇ) ਨੂੰ ਗਰੀਨ ਕਾਰਡ ਅਤੇ ਸਥਾਈ ਨਿਵਾਸ ਉਪਲੱਬਧ ਕਰਵਾਉਂਦਾ ਹੈ। ਅਮਰੀਕੀ ਵੀਜਾ ਪ੍ਰੋਗਰਾਮ ਨਾਲ ਜੁੜੇ ਰੀਜਨਲ ਸੈਂਟਰ ਕੈਨਐਮ ਇਨਵੈਸਟਰ ਸਰਵਿਸਜ਼ ਦੇ ਭਾਰਤ ਅਤੇ ਪੱਛਮੀ ਏਸ਼ੀਆ ਦੇ ਉਪ ਪ੍ਰਧਾਨ ਅਭਿਨਵ ਲੋਹੀਆ ਨੇ ਕਿਹਾ ਕਿ ਕੈਨਐਮ ਨੂੰ 2016 ਵਿੱਚ ਈਬੀ-5 ਲਈ 50 ਨਿਵੇਸ਼ਕ ਪ੍ਰਾਪਤ ਹੋਏ, ਜੋ ਕਿ 2017 ਵਿੱਚ ਵੱਧ ਕੇ 97 ਹੋ ਗਏ ਅਤੇ ਇਸ ਸਾਲ ਇਸ ਦੇ 200 ਤੱਕ ਪਹੁੰਚਣ ਦੀ ਉਮੀਦ ਹੈ।

ਹੋਰ ਖਬਰਾਂ »