ਚੰਡੀਗੜ੍ਹ, 9 ਅਗਸਤ, (ਹ.ਬ.) : ਪੰਜਾਬ ਵਿਚ ਆਜ਼ਾਦੀ ਦਿਵਸ ਦੇ ਮੌਕੇ 'ਤੇ ਭਾਜਪਾ, ਆਰਐਸਐਸ ਅਤੇ ਹੋਰ ਹਿੰਦੂ ਸੰਗਠਨਾਂ ਦੇ ਨੇਤਾਵਾਂ 'ਤੇ ਅੱਤਵਾਦੀ ਹਮਲਾ ਹੋ ਸਕਦਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਹੋਰ ਰਾਜਾਂ ਦੇ ਨਾਲ ਪੰਜਾਬ, ਹਰਿਆਣਾ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਇਸ ਸਬੰਧ ਵਿਚ ਇਨਪੁਟ ਜਾਰੀ ਕਰਦੇ ਹੋਏ ਅਲਰਟ ਰਹਿਣ ਲਈ ਕਿਹਾ ਹੈ।
ਗ੍ਰਹਿ ਮੰਤਰਾਲੇ ਵਲੋਂ 7 ਅਗਸਤ ਨੂੰ ਪੰਜਾਬ ਸਰਕਾਰ ਨੂੰ ਭੇਜੇ ਖੁਫ਼ੀਆ ਪੱਤਰ ਵਿਚ ਕਿਹਾ ਗਿਆ ਹੈ ਕਿ ਕੇਂਦਰੀ ਸੁਰੱਖਿਆ ਏਜੰਸੀਆਂ ਤੋਂ ਇਨਪੁਟ ਮਿਲਿਆ ਕਿ ਅੰਸਾਰ ਗਸ਼ਤ ਉਲ ਹਿੰਦ ਨਾਂ ਦਾ ਅੱਤਵਾਦੀ ਸੰਗਠਨ ਆਜ਼ਾਦੀ ਦਿਵਸ ਦੇ ਮੌਕੇ 'ਤੇ ਭਾਜਪਾ, ਸੰਘ ਅਤੇ ਹੋਰ ਹਿੰਦੂ ਸੰਗਠਨਾਂ ਦੇ ਨੇਤਾਵਾਂ 'ਤੇ ਹਮਲੇ ਦੀ ਸਾਜਿਸ਼ ਰਚ ਰਿਹਾ ਹੈ। ਜੰਮੂ ਵਿਚ ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀ ਇਰਫਾਨ ਹਸਨ ਤੋਂ ਪੁਛਗਿੱਛ ਵਿਚ ਇਸ ਬਾਰੇ ਵਿਚ ਪਤਾ ਚਲਿਆ ਹੈ। ਵਾਨੀ ਦੇ ਕਬਜ਼ੇ ਤੋਂ ਅੱਠ ਹੈਂਡ ਗਰੇਨੇਡ ਬਰਾਮਦ ਹੋਏ ਹਨ ਜਿਨ੍ਹਾਂ ਉਸ ਨੇ ਦਿੱਲੀ ਪਹੁੰਚ ਕੇ ਅਪਣੇ ਸਾਥੀਆਂ ਨੂੰ ਸੌਂਪਣੇ ਸਨ ਤਾਕਿ ਉਹ ਆਜ਼ਾਦੀ ਦਿਵਸ ਮੌਕੇ  ਅਲੱਗ ਅਲੱਗ ਥਾਵਾਂ 'ਤੇ  ਪੁਲਿਸ ਫੋਰਸ ਅਤੇ ਹਿੰਦੂ ਨੇਤਾਵਾਂ 'ਤੇ ਹਮਲੇ ਕਰ ਸਕਣ। 
ਸੁਰੱਖਿਆ ਏਜੰਸੀਆਂ ਦੀ ਪੁਛਗਿੱਛ ਵਿਚ ਵਾਨੀ ਨੇ ਦੱਸਿਆ ਕਿ ਉਸ ਦੇ ਆਕਾ ਨੇ ਹੈਂਡ ਗਰੇਨੇਡ ਦੇ ਕੇ ਉਸ ਨੂੰ ਦਿੱਲੀ ਜਾਣ ਦੇ ਲਈ ਕਿਹਾ ਸੀ, ਜਿੱਥੇ ਵਾਨੀ ਨੂੰ ਅਪਣੇ ਸੰਗਠਨ ਦੇ ਕੁਝ ਅੱਤਵਾਦੀਆਂ ਨੂੰ ਹੈਂਡ ਗਰੇਨੇਡ ਸੁੱਟਣ ਦੀ ਟਰੇਨਿੰਗ ਵੀ ਦੇਣੀ ਸੀ।
ਗਰੇਨੇਡ ਹਮਲੇ ਦੀ ਘਟਨਾਵਾਂ ਜ਼ਿਆਦਾਤਰ ਕਸ਼ਮੀਰ ਘਾਟੀ ਵਿਚ ਸਾਹਮਣੇ ਆਉਂਦੀਆਂ ਰਹੀਆਂ ਹਨ। ਇਸ ਸਬੰਧ ਵਿਚ ਰਾਜ ਪੁਲਿਸ ਦੇ ਡੀਜੀਪੀ ਪੱਧਰ ਦੇ ਅਧਿਕਾਰੀ ਨੇ ਕੁਝ ਵੀ ਖੁਲਾਸਾ ਕਰਨ ਤੋਂ ਇਨਕਾਰ ਕਰਦੇ ਹੋਏ ਇੰਨਾ ਹੀ ਕਿਹਾ ਕਿ ਰਾਜ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ।
ਇੰਟੈਲੀਜੈਂਸ ਬਿਉਰੋ ਨੇ ਪੰਜਾਬ ਨੂੰ ਇੱਕ ਮਹੀਨਾ ਪਹਿਲਾਂ ਤੋਂ ਹੀ ਅਲਰਟ ਕੀਤਾ ਹੈ ਕਿਉਂਕਿ ਇੰਗਲੈਂਡ ਵਿਚ ਵੱਖਵਾਦੀਆਂ ਦੇ ਹੋਣ ਵਾਲੇ ਰਾਇਸ਼ੁਮਾਰੀ ਸਮਾਗਮ ਨੂੰ ਸਫਲ ਬਣਾਉਣ ਲਈ ਪਾਕਿ ਤੋਂ ਫੰਡਿੰਗ ਦੀ ਸੂਚਨਾ ਮਿਲੀ ਹੈ। ਖੁਫ਼ੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਾਕਿ ਕੱਟੜਪੰਥੀਆਂ ਨੂੰ ਪੰਜਾਬ ਵਿਚ ਅਸ਼ਾਂਤੀ ਫੈਲਾਉਣ ਵਿਚ ਮਦਦ ਕਰ  ਸਕਦਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਨਾਲ ਬੀਤੇ ਮਹੀਨੇ ਆਈਬੀ  ਚੀਫ਼ ਰਾਜੀਵ ਜੈਨ  ਦੀ ਮੁਲਾਕਾਤ ਵੀ ਚੰਡੀਗੜ੍ਹ ਵਿਚ ਹੋਈ ਸੀ। ਇਸ ਤੋਂ ਬਾਅਦ ਪੰਜਾਬ ਇੰਟੈਲੀਜੈਂਸ ਟੀਮਾਂ ਜ਼ਿਆਦਾ ਸਰਗਰਮ  ਹੋ ਗਈਆਂ।

ਹੋਰ ਖਬਰਾਂ »