ਕੈਲੀਫੋਰਨੀਆ, 10 ਅਗਸਤ, (ਹ.ਬ.) : ਅੱਗ ਬੁਝਾਊ ਕਰਮੀਆਂ ਨੇ ਮੰਨਿਆ ਕਿ ਕੈਲੀਫੋਰਨੀਆ ਦੇ ਇਤਿਹਾਸ ਵਿਚ ਹੁਣ ਤੱਕ ਦੀ ਸਭ ਤੋਂ ਵੱਡੀ ਅੱਗ 'ਤੇ ਕਾਬੂ ਪਾਉਣ ਵਿਚ ਉਨ੍ਹਾਂ ਕੁਝ ਹੱਦ ਤੱਕ ਸਫਲਤਾ ਮਿਲੀ ਹੈ ਲੇਕਿਨ ਇਸ ਅੱਗ ਨੂੰ ਬੁਝਾਉਣ ਵਿਚ ਸਤੰਬਰ ਮਹੀਨੇ ਤੱਕ ਦਾ ਸਮਾਂ ਲੱਗ ਸਕਦਾ ਹੈ। ਉਤਰੀ ਸੈਨ ਫਰਾਂਸਿਸਕੋ ਵਿਚ ਲੱਗੀ ਇਹ ਅੱਗ ਲਾਸ ਏਂਜਲਸ ਜਿੰਨੇ ਵੱਡੇ ਇਲਾਕੇ ਵਿਚ ਫੈਲ ਗਈ ਹੈ।
ਅੱਗ ਦੋ ਹਫ਼ਤੇ ਪਹਿਲਾਂ ਸ਼ੁਰੂ ਹੋਈ ਸੀ। ਤੇਜ਼ ਹਵਾਵਾਂ ਨੇ ਇਸ ਅੱਗ ਦੀ ਲਪਟਾਂ ਨੂੰ 160 ਕਿਲੋਮੀਟਰ ਦੇ ਘੇਰੇ ਵਿਚ ਫੈਲਾ ਦਿੱਤਾ ਹੈ। ਅਜੇ ਤੱਕ ਇਸ ਅੱਗ ਨੇ 116 ਘਰ ਬਰਬਾਦ ਕਰ ਦਿੱਤੇ ਹਨ।
ਅੱਗ ਨੂੰ ਬੁਝਾਉਣ ਦੇ ਲਈ ਪੂਰੇ ਕੈਲੀਫੋਰਨੀਆ ਵਿਚ 14 ਹਜ਼ਾਰ  ਅੱਗ ਬੁਝਾਊ ਕਰਮੀ ਤੈਨਾਤ ਕੀਤੇ ਗਏ ਹਨ। ਰਾਜ ਦੇ ਅੱਗ ਬੁਝਾਊ ਵਿਭਾਗ  ਵਿਚ ਕਰੀਬ ਪੰਜ ਹਜ਼ਾਰ ਤੋਂ ਜ਼ਿਆਦਾ ਕਰਮੀ ਹਨ। ਰਾਜ ਹਰ ਸਾਲ ਅੱਗ ਲੱਗਣ ਦੇ ਮੌਸਮ ਵਿਚ 1700 ਵਧੀਕ ਕਰਮੀਆਂ ਨੂੰ ਰੱਖਦਾ ਹੈ। ਇਸ ਸਾਲ ਜੇਲ੍ਹ ਵਿਚ ਬੰਦ ਟਰੇਨੀ ਕੈਦੀਆਂ, 17 ਹੋਰ ਰਾਜਾਂ ਅਤੇ ਪੂਰੀ ਦੁਨੀਆ ਦੇ ਅੱਗ ਬੁਝਾਊ ਕਰਮੀਆਂ ਨੂੰ ਵੀ ਅੱਗ ਬੁਝਾਉਣ ਦੇ ਲਈ  ਬੁਲਾਇਆ ਗਿਆ ਹੈ। ਕੈਦੀਆਂ ਨੂੰ ਇਕ ਦਿਨ ਕੰਮ ਦੇ ਲਈ  1 ਡਾਲਰ ਦਿੱਤਾ ਜਾਂਦਾ ਹੈ। ਕਈ ਕੈਦੀਆਂ ਨੇ ਅੱਗ ਬੁਝਾਉਣ ਦਾ ਕੰਮ ਕਰਦੇ ਕਰਦੇ ਅਪਣੀ ਸਜ਼ਾ ਵੀ ਘੱਟ ਕਰਵਾ ਲਈ ਹੈ।
ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਅੱਗ ਬੁਝਾਊ ਕਰਮੀ ਵੀ ਕੈਲੀਫੋਰਨੀਆ ਦੀ ਮਦਦ ਕਰ ਰਹੇ ਹਨ। ਇਨ੍ਹਾਂ ਤੋਂ ਇਲਾਵਾ 200 ਸੈਨਿਕਾਂ ਨੂੰ ਵੀ ਜੰਗਲ ਦੀ ਅੱਗ ਬੁਝਾਉਣ ਦੇ ਲਈ ਚਾਰ ਦਿਨ ਦੀ ਟਰੇਨਿੰਗ ਦਿੱਤੀ ਗਈ ਹੈ ਅਤੇ ਇਹ ਅਗਲੇ ਹਫ਼ਤੇ ਤੋਂ ਕੈਲੀਫੋਰਨੀਆ ਵਿਚ ਤੈਨਾਤ ਕਰ ਦਿੱਤੇ ਜਾਣਗੇ।

ਹੋਰ ਖਬਰਾਂ »