ਬੀਜਿੰਗ, 11 ਅਗਸਤ, (ਹ.ਬ.) : ਚੀਨੀ ਅਧਿਕਾਰੀਆਂ ਨੇ ਉੱਤਰੀ ਪੱਛਮੀ ਇਲਾਕੇ ਵਿਚ ਇਕ ਨਵੀਂ ਬਣੀ ਮਸਜਿਦ ਨੂੰ ਤੋੜਨ ਦਾ ਇਰਾਦਾ ਫਿਲਹਾਲ ਕੁਝ ਦਿਨ ਲਈ ਟਾਲ ਦਿੱਤਾ ਹੈ। ਵੱਡੀ ਗਿਣਤੀ ਵਿਚ ਹੋਏ ਮੁਸਲਮਾਨਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਵੇਖਦੇ ਹੋਏ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ। ਉਇਗਰ ਤੋਂ ਬਾਅਦ ਹੁਈ ਚੀਨ ਦਾ ਦੂਜਾ ਸਭ ਤੋਂ ਵੱਡਾ ਮੁਸਲਿਮ ਤਬਕਾ ਹੈ। ਦੇਸ਼ ਵਿਚ ਇਸਲਾਮ ਦੇ ਵੱਧਦੇ ਪ੍ਰਭਾਵ ਨੂੰ ਰੋਕਣ ਦੀ ਮੁਹਿੰਮ ਖ਼ਿਲਾਫ਼ ਇਹ ਹੁਣ ਤਕ ਦਾ ਸਭ ਤੋਂ ਵੱਡਾ ਅੰਦੋਲਨ ਮੰਨਿਆ ਜਾ ਰਿਹਾ ਹੈ। ਮੁਸਲਮਾਨਾਂ ਨੂੰ ਸਮਾਜ ਦੀ ਮੁੱਖ ਧਾਰਾ ਵਿਚ ਲਿਆਉਣ ਲਈ ਸਰਕਾਰ ਲਗਾਤਾਰ ਇਸਲਾਮੀ ਸਰਗਰਮੀਆਂ 'ਤੇ ਰੋਕ ਲਗਾਉਂਦੀ ਰਹਿੰਦੀ ਹੈ। ਸ਼ੁੱਕਰਵਾਰ ਸਵੇਰ ਤੋਂ ਹੀ ਸੈਂਕੜੇ ਲੋਕ ਮਸਜਿਦ ਦੇ ਨੇੜੇ ਇਕੱਠੇ ਹੋਣ ਲੱਗੇ। ਉਹ ਇਸ ਨੂੰ ਡੇਗਣ ਦੀ ਯੋਜਨਾ ਦਾ ਵਿਰੋਧ ਕਰ ਰਹੇ ਸਨ। ਇਕ ਵਿਅਕਤੀ ਨੇ ਕਿਹਾ ਕਿ ਜੇਕਰ ਅਸੀਂ ਸਰਕਾਰੀ ਪ੍ਰਸਤਾਵ 'ਤੇ ਹਸਤਾਖਰ ਕਰ ਦਿੰਦੇ ਹਾਂ ਤਾਂ ਇਹ ਆਪਣੇ ਮਜ਼ਹਬ ਨਾਲ ਸਮਝੌਤਾ ਕਰਨਾ ਹੋਵੇਗਾ। ਮਸਜਿਦ ਦੇ ਨਿਰਦੇਸ਼ਕ ਡਿੰਗ ਜੇਜਿਓ ਨੇ ਕਿਹਾ ਕਿ ਮੈਂ ਇਸ ਮੁੱਦੇ 'ਤੇ ਕੋਈ ਗੱਲ ਨਹੀਂ ਕਰ ਸਕਦਾ। ਨਿੰਗਸਿਆ ਇਲਾਕੇ ਦੇ ਵੇਈ ਝੋਓ ਜਾਮਾ ਮਸਜਿਦ ਵਿਚ ਪ੍ਰਸ਼ਾਸਕ ਨੇ ਕਿਹਾ ਕਿ ਕਈ ਗੁੰਬਦਾਂ ਤੇ ਮੀਨਾਰਾਂ ਦੇ ਨਾਲ ਮੱਧ-ਪੂਰਬੀ ਸ਼ੈਲੀ ਵਿਚ ਬਣੀ ਇਸ ਮਸਜਿਦ ਦੀ ਉਸਾਰੀ ਤੋਂ ਪਹਿਲਾਂ ਇਜਾਜ਼ਤ ਨਹੀਂ ਲਈ ਗਈ ਸੀ। ਨੋਟਿਸ ਵਿਚ ਕਿਹਾ ਗਿਆ ਸੀ ਕਿ ਸ਼ੁੱਕਰਵਾਰ ਨੂੰ ਇਸ ਮਸਜਿਦ ਨੂੰ ਜ਼ਬਰਦਸਤੀ ਤੋੜਿਆ ਜਾਵੇਗਾ। ਇਸ ਨੋਟਿਸ ਨਾਲ ਮੁਸਲਮਾਨ ਨਾਰਾਜ਼ ਹੋ ਗਏ। ਹਾਲਾਂਕਿ ਸਰਕਾਰ ਨੇ ਪ੍ਰਸਤਾਵ ਰੱਖਿਆ ਹੈ ਕਿ ਜੇਕਰ ਚੀਨੀ ਸ਼ੈਲੀ ਦੇ ਮੁਤਾਬਿਕ ਮਸਜਿਦ ਵਿਚ ਗੁੰਬਦ ਨੂੰ ਤੋੜ ਕੇ ਪੈਗੋਡਾ ਬਣਾ ਦਿੱਤਾ ਜਾਵੇ ਤਾਂ ਉਹ ਇਸ ਨੂੰ ਨਹੀਂ ਤੋੜੇਗੀ ਪਰ ਮਸਜਿਦ ਦੇ ਆਗੂ ਇਸ ਲਈ ਤਿਆਰ ਨਹੀਂ ਹੋਏ।

ਹੋਰ ਖਬਰਾਂ »