ਮੁੰਬਈ, 11 ਅਗਸਤ, (ਹ.ਬ.) : ਅਮਰੀਕਾ ਨੇ ਦੂਜੇ ਦੇਸ਼ਾਂ ਦੇ ਵਿਦਿਆਰਥੀਆਂ ਦੇ ਲਈ ਪਾਲਿਸੀ ਸਖ਼ਤ ਕਰ ਦਿੱਤੀ ਹੈ। ਸਟੂਡੈਂਟ ਸਟੇਟਸ ਦੀ ਉਲੰਘਣਾ ਕਰਨ ਦੇ ਅਗਲੇ ਹੀ ਦਿਨ ਤੋਂ ਵਿਦਿਆਰਥੀ ਅਤੇ ਉਨ੍ਹਾਂ ਦੇ ਘਰ ਵਾਲਿਆਂ ਦੀ ਉਥੇ ਮੌਜੂਦਗੀ ਗੈਰ ਕਾਨੂੰਨੀ ਮੰਨੀ ਜਾਵੇਗੀ, ਬੇਸ਼ਕ ਹੀ ਵੀਜ਼ਾ ਮਿਆਦ ਖਤਮ ਨਹੀਂ ਹੋਵੇ।  ਨਵੇਂ ਨਿਯਮ 9 ਅਗਸਤ ਤੋਂ ਲਾਗੂ ਹੋ ਗਏ। ਇਸ ਤੋਂ ਪਹਿਲਾਂ ਨਿਯਮ ਇਹ ਸੀ ਕਿ ਜਿਸ ਦਿਨ ਦੋਸ਼ ਸਾਬਤ ਹੁੰਦਾ ਜਾਂ ਫੇਰ ਪਰਵਾਸੀ ਮਾਮਲਿਆਂ ਦਾ ਜੱਜ ਆਦੇਸ਼ ਜਾਰੀ ਕਰਦਾ ਸੀ, ਉਸ ਦਿਨ ਤੋਂ ਅਮਰੀਕਾ ਵਿਚ ਰਹਿਣਾ ਨਾਜਾਇਜ਼ ਮੰਨਿਆ ਜਾਂਦਾ ਸੀ। ਨਵੀਂ ਨੀਤੀ ਦੇ ਮੁਤਾਬਕ 180 ਦਿਨ ਤੱਕ ਅਣਅਧਿਕਾਰਤ ਤੌਰ 'ਤੇ ਰਹਿਣ ਵਾਲਿਆਂ ਦੀ ਅਮਰੀਕਾ ਵਿਚ ਮੁੜ ਤੋਂ ਐਂਟਰੀ 'ਤੇ ਦਸ ਸਾਲ ਦੀ ਰੋਕ ਲਗਾਈ ਜਾ ਸਕਦੀ ਹੈ। ਕੋਈ ਵਿਦਿਆਰਥੀ ਸੰਸਥਾਨ ਵਿਚ ਪੂਰਾ ਸਮਾਂ ਨਹੀਂ ਦੇਵੇਗਾ ਤਾਂ ਇਹ ਸਟੂਡੈਂਟ ਸਟੇਟਸ ਦੇ ਨਿਯਮਾਂ ਦੀ ਉਲੰਘਣਾ ਮੰਨਿਆ ਜਾਵੇਗਾ। ਪੜ੍ਹਾਈ ਪੂਰੀ ਹੋਣ 'ਤੇ ਮਿਲਣ ਵਾਲੇ ਗਰੇਸ ਪੀਰੀਅਮ ਤੋਂ ਜ਼ਿਆਦਾ ਅਮਰੀਕਾ ਵਿਚ ਰੁਕਣ ਜਾਂ ਅਣਅਧਿਕਾਰਤ ਤੌਰ 'ਤੇ ਨੌਕਰੀ ਕਰਨ 'ਤੇ ਵੀ ਕਾਰਵਾਈ ਝੱਲਣੀ ਪੈ ਸਕਦੀ ਹੈ।
ਅਮਰੀਕਾ ਵਿਚ ਚੀਨ ਤੋਂ ਬਾਅਦ ਸਭ ਤੋਂ ਜ਼ਿਆਦਾ ਗਿਣਤੀ ਭਾਰਤੀ ਵਿਦਿਆਰਥੀਆਂ ਦੀ ਹੈ। 2017 ਦੀ ਓਪਨ ਡੋਰ ਰਿਪੋਰਟ ਮੁਤਾਬਕ ਭਾਰਤ ਦੇ 1.86 ਲੱਖ ਵਿਦਿਆਰਥੀ ਅਮਰੀਕਾ ਵਿਚ ਪੜ੍ਹਾਈ ਕਰ ਰਹੇ ਹਨ। ਅਮਰੀਕਾ ਦੇ ਆਂਤਰਿਕ ਸੁਰੱਖਿਆ ਵਿਭਾਗ ਦੀ ਰਿਪੋਰਟ ਵਿਚ ਸਾਹਮਣੇ ਆਇਆ ਕਿ ਪਿਛਲੇ ਸਾਲ 1,27,435 ਵਿਦਿਆਰਥੀ ਐਫ, ਜੇ ਅਤੇ ਐਮ ਕੈਟਾਗਿਰੀ ਦੇ ਜ਼ਰੀਏ ਅਮਰੀਕਾ ਪੁੱਜੇ।  ਇਨ੍ਹਾਂ ਵਿਚੋਂ 4,400 ਵੀਜ਼ਾ ਮਿਆਦ ਖਤਮ ਹੋਣ ਤੋਂ ਬਾਅਦ ਵੀ ਉਥੇ ਰੁਕੇ ਰਹੇ। ਕੁਲ 21 ਹਜ਼ਾਰ ਤੋਂ ਜ਼ਿਆਦਾ ਭਾਰਤੀ ਤੈਅ ਸਮਾਂ ਪੂਰਾ ਕਰਨ ਤੋਂ ਬਾਅਦ ਵੀ ਅਮਰੀਕਾ ਵਿਚ ਰੁਕੇ। 

ਹੋਰ ਖਬਰਾਂ »