ਪੰਜ ਲੋਕ ਜ਼ਖ਼ਮੀ, ਇੱਕ ਦੀ ਹਾਲਤ ਗੰਭੀਰ

ਐਬਟਸਫੋਰਡ, 12 ਅਗਸਤ (ਹਮਦਰਦ ਨਿਊਜ਼ ਸਰਵਿਸ) :  ਬ੍ਰਿਟਿਸ਼ ਕੋਲੰਬੀਆ ਦੇ ਐਬਟਸਫੋਰਡ ਵਿੱਚ ਇੰਟਰਨੈਸ਼ਨਲ ਏਅਰਸ਼ੋਅ ਦੌਰਾਨ ਇੱਕ ਜਹਾਜ਼ ਹਾਦਸਾ ਗ੍ਰਸਤ ਹੋ ਗਿਆ। ਇਸ ਦੌਰਾਨ ਪੰਜ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ। ਐਬਟਸਫੋਰਡ ਪੁਲਿਸ ਨੇ ਦੱਸਿਆ ਕਿ 1930 ਦੇ ਯੁੱਗ ਦਾ ‘ਹੈਵੀਲੈਂਡ ਡਰੈਗਨ ਰੈਪਿਡ ਬਿਪਲੇਨ’ ਜਹਾਜ਼ ਇੰਟਰਨੈਸ਼ਨਲ ਏਅਰਸ਼ੋਅ ਦੌਰਾਨ ਕਰਤੱਬ ਦਿਖਾ ਰਿਹਾ ਸੀ। ਇਸੇ ਦੌਰਾਨ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਏਅਰਸ਼ੋਅ ਅਧਿਕਾਰੀਆਂ ਮੁਤਾਬਕ ਹਾਦਸੇ ਮਗਰੋਂ ਐਮਰਜੰਸੀ ਸੇਵਾਵਾਂ ਤੁਰੰਤ ਹਰਕਤ ਵਿੱਚ ਆ ਗਈਆਂ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਇੱਕ ਜ਼ਖ਼ਮੀ ਦੀ ਹਾਲਤ ਨਾਜੁਕ ਬਣੀ ਹੋਈ ਹੈ। ਬੀਸੀ ਐਂਬੂਲੈਂਸ ਸਰਵਿਸ ਨੇ ਦੱਸਿਆ ਕਿ ਦੋ ਜ਼ਖ਼ਮੀਆਂ ਨੂੰ ਹਵਾਈ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ ਅਤੇ ਤਿੰਨ ਜ਼ਖ਼ਮੀਆਂ ਨੂੰ ਸੜਕੀ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ।

ਐਬਟਸਫੋਰਡ ਪੁਲਿਸ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਟਰਾਂਸਪੋਰਟੇਸ਼ਨ ਸੇਫ਼ਟੀ ਬੋਰਡ ਵੱਲੋਂ ਕੀਤੀ ਜਾਵੇਗੀ।  ਇੱਕ ਪ੍ਰਤੱਖ ਦਰਸ਼ੀ ਨੇ ਦੱਸਿਆ ਕਿ ਇੱਕ ਪੁਰਾਣੇ ਸਮੇਂ ਦਾ ਜਹਾਜ਼ ਏਅਰ ਸ਼ੋਅ ਦੌਰਾਨ ਕਰਤੱਬ ਦਿਖਾ ਰਿਹਾ ਸੀ। ਇਸੇ ਦੌਰਾਨ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਮੁੱਧੇ ਮੂੰਹ ਰਨਵੇਅ ਉੱਤੇ ਆ ਡਿੱਗਾ।

ਹੋਰ ਖਬਰਾਂ »