ਲੰਡਨ, 12 ਅਗਸਤ (ਹਮਦਰਦ ਨਿਊਜ਼ ਸਰਵਿਸ) : ਨੋਬਲ ਪੁਰਸਕਾਰ ਨਾਲ ਸਨਮਾਨਤ ਲੇਖਕ ਵੀ ਐਸ ਨਾਈਪਾਲ ਦਾ ਲੰਡਨ ਵਿੱਚ ਦੇਹਾਂਤ ਹੋ ਗਿਆ। ਉਹ 85 ਸਾਲ ਦੇ ਸਨ। ਨਾਈਪਾਲ ਦੇ ਦੇਹਾਂਤ ਉੱਤੇ ਦੇਸ਼ ਦੇ ਸਾਰੇ ਨੇਤਾਵਾਂ ਨੇ ਸ਼ੋਕ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਸਾਹਿਤ ਜਗਤ ਲਈ ਵੱਡਾ ਘਾਟਾ ਦੱਸਿਆ ਹੈ।

ਵੀਐਸ ਨਾਈਪਾਲ ਦਾ ਪੂਰਾ ਨਾਂ ਵਿਦਿਆਧਰ ਸੂਰਜਪ੍ਰਸਾਦ ਨਾਈਪਾਲ ਸੀ। ਉਨ੍ਹਾਂ ਨੇ 30 ਤੋਂ ਵੱਧ ਕਿਤਾਬਾਂ ਲਿਖੀਆਂ ਅਤੇ 2001 ਵਿੱਚ ਉਨ੍ਹਾਂ ਨੂੰ ਸਾਹਿਤ ਦਾ ਨੋਬਲ ਪੁਰਸਕਾਰ ਮਿਲਿਆ। ਵੀ.ਐਸ. ਨਾਈਪਾਲ ਦਾ ਜਨਮ ਟਰਿਨੀਡਾਡ, ਵੈਸਟ ਇੰਡੀਜ਼, ਦੇ ਇੱਕ ਛੋਟੇ ਜਿਹੇ ਪਿੰਡ ਚੌਗੁਆਨਾਜ਼ ਵਿੱਚ 1932 ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਸੀਪ੍ਰਸਾਦ ਨਾਈਪਾਲ ਸੀ ਅਤੇ ਉਹ ਇੱਕ ਅਖ਼ਬਾਰ ਲਈ ਬਤੌਰ ਪੱਤਰਕਾਰ ਕੰਮ ਕਰਦੇ ਸਨ।

ਇੰਗਲੈਂਡ ਵਿੱਚ ਵਸਣ ਤੋਂ ਪਹਿਲਾਂ ਵੀਐਸ ਨਾਈਪਾਲ ਨੇ ਆਕਸਫੋਰਡ ਯੂਨੀਵਰਸਿਟੀ ਵਿੱਚ ਅੰਗਰੇਜੀ ਸਾਹਿਤ ਦਾ ਅਧਿਐਨ ਕੀਤਾ। ਉਨ੍ਹਾਂ ਦੇ ਮਸ਼ਹੂਰ ਨਾਵਲਾਂ ਵਿੱਚੋਂ ਇੱਕ ‘ਆ ਹਾਊਸ ਫਾਰ ਮਿਸਟਰ ਬਿਸਵਾਸ’ ਹੈ, ਜਿਸ ਵਿੱਚ ਕੈਰੀਬੀਆਈ ਦੇਸ਼ਾਂ ਵਿੱਚ ਆਏ ਪ੍ਰਵਾਸੀ ਭਾਰਤੀਆਂ ਦੇ ਆਪਣੇ ਪਿਛੋਕੜ ਨੂੰ ਭੁੱਲੇ ਬਗੈਰ ਉੱਥੋਂ ਦੇ ਸਮਾਜ ਵਿੱਚ ਘੁਲਣ-ਮਿਲਣ ਦਾ ਜਿਕਰ ਹੈ।

ਵੀਐਸ ਨਾਈਪਾਲ ਪ੍ਰਸਿੱਥ ਬੁਕਰ ਪ੍ਰਾਈਜ਼ ਜਿੱਤਣ ਵਾਲੇ ਪਹਿਲਾਂ ਜੇਤੂਆਂ ਵਿੱਚੋਂ ਇੱਕ ਹਨ। ਉਨ੍ਹਾਂ ਨੂੰ ‘ਇਨ ਆ ਫਰੀ ਸਟੇਟ’ ਕਿਤਾਬ ਲਈ 1971 ਵਿੱਚ ਬ੍ਰਿਟੇਨ ਦਾ ਮੁੱਖ ਸਾਹਿਤ ਪੁਰਸਕਾਰ ‘ਬੁਕਰ ਪ੍ਰਾਈਜ਼’ ਮਿਲਿਆ ਸੀ।

ਨਾਈਪਾਲ ਨੇ ਪਹਿਲਾ ਵਿਆਹ ਪੇਟ੍ਰੀਸੀਆ ਐਨ. ਹੇਲ ਨਾਲ ਸਾਲ 1955 ਵਿੱਚ ਕਰਵਾਇਆ ਸੀ, ਪਰ ਸਾਲ 1996 ਵਿੱਚ ਪੇਟ੍ਰੀਸੀਆ ਦਾ ਦੇਹਾੰਤ ਹੋ ਗਿਆ ਅਤੇ ਉਸੇ ਸਾਲ ਨਾਈਪਾਲ ਨੇ ਪਾਕਿਸਤਾਨੀ ਪੱਤਰਕਾਰ ਨਾਦਿਰਾ ਅਲਵੀ ਨਾਲ ਵਿਆਹ ਕਰਵਾ ਲਿਆ ਸੀ।

ਨਾਈਪਾਲ ਦਾ ਪਹਿਲਾ ਨਾਵਲ ‘ਦਿ ਮਿਸਟਿਕ ਮੈਸਰ’ 1951 ਵਿੱਚ ਪ੍ਰਕਾਸ਼ਿਤ ਹੋਇਆ ਅਤੇ ਇਸ ਤੋਂ ਬਾਦ ਤਾਂ ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਰਚਨਾਵਾਂ ਦੁਨੀਆ ਦੀ ਝੋਲੀ ਵਿੱਚ ਪਾਈਆਂ।

ਉਨ੍ਹਾਂ ਦੇ ਜੀਵਨ ਨਾਲ ਜੁੜੀ ਇੱਕ ਮਹੱਤਵਪੂਰਨ ਘਟਨਾ ਇਹ ਹੈ ਕਿ ਜਦੋਂ ਉਹ ਵਿਦਿਆਰਥੀ ਸਨ। ਤਦ ਨਿਰਾਸ਼ ਹੋ ਕੇ ਉਨ੍ਹਾਂ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ, ਪਰ ਇਸ ਤੋਂ ਬਾਅਦ ਉਨ੍ਹਾਂ ਦੀ ਜਿੰਦਗੀ ਬਦਲ ਗਈ। ਵੀਐਸ ਨਾਈਪਾਲ ਦੇ ਦੇਹਾਂਤ ਮਗਰੋਂ ਉਨ੍ਹਾਂ ਦੀ ਪਤਨੀ ਨੇ ਕਿਹਾ ਕਿ ਉਨ੍ਹਾਂ ਨੇ ਰਚਨਾਤਮਕਤਾ ਅਤੇ ਉਧਮ ਨਾਲ ਭਰੀ ਜਿੰਦਗੀ ਬਤੀਤ ਕੀਤੀ। ਆਖਰੀ ਸਮੇਂ ਉਹ ਸਾਰੇ ਲੋਕ ਉਨ੍ਹਾਂ ਦੇ ਨਾਲ ਸਨ, ਜਿਨ੍ਹਾਂ ਨੂੰ ਉਹ ਪਿਆਰ ਕਰਦੇ ਸਨ।

ਹੋਰ ਖਬਰਾਂ »