ਵਰਜੀਨੀਆ ਵਿੱਚ ਗੋਰੇ ਰਾਸ਼ਟਰਵਾਦੀਆਂ ਦੀ ਰੈਲੀ ਅਤੇ ਵਿਰੋਧੀ ਪ੍ਰਦਰਸ਼ਨਕਾਰੀਆਂ ਉੱਤੇ ਹੋਏ ਹਮਲੇ ਦੀ ਕੀਤੀ ਨਿੰਦਾ

ਵਾਸ਼ਿੰਗਟਨ, 12 ਅਗਸਤ (ਹਮਦਰਦ ਨਿਊਜ਼ ਸਰਵਿਸ) :  ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਨੇ ਗੋਰਿਆਂ ਦੇ ਦਬਦਬੇ, ਨਸਲਵਾਦ ਅਤੇ ਨਵ-ਨਾਜੀਵਾਦ ਦੀ ਨਿੰਦਾ ਕੀਤੀ ਹੈ। ਇਵਾਂਕਾ ਨੇ ਵਰਜੀਨੀਆ ਵਿੱਚ ਗੋਰੇ ਰਾਸ਼ਟਰਵਾਦੀਆਂ ਦੀ ਰੈਲੀ ਅਤੇ ਵਿਰੋਧੀ ਪ੍ਰਦਰਸ਼ਨਕਾਰੀਆਂ ਉੱਤੇ ਹੋਏ ਹਮਲੇ ਦੀ ਵਰ੍ਹੇਗੰਢ ਮੌਕੇ ਟਵੀਟ ਕੀਤਾ।

ਵਾਈਟ ਹਾਊਸ ਦੀ ਸਲਾਹਕਾਰ ਇਵਾਂਕਾ ਨੇ ਟਵਿੱਟਰ ਉੱਤੇ ਲਿਖਿਆ ਕਿ ਇੱਕ ਸਾਲ ਪਹਿਲਾਂ ਚਾਰਲੇਟਸਵਿਲੇ ਵਿੱਚ ਅਸੀਂ ਨਫ਼ਰਤ, ਨਸਲਵਾਦ, ਕੱਟੜਤਾ ਅਤੇ ਹਿੰਸਾ ਦਾ ਬਦਸੂਰਤ ਰੂਪ ਦੇਖਿਆ ਸੀ। ਉਨ੍ਹਾਂ ਕਿਹਾ ਕਿ ਅਸੀਂ ਅਜਿਹੇ ਦੇਸ਼ ਵਿੱਚ ਰਹਿੰਦੇ ਹਾਂ, ਜਿੱਥੇ ਬੋਲਣ ਦੀ ਆਜਾਦੀ ਅਤੇ ਵਿਚਾਰ ਦੀ ਵਿਭਿੰਨਤਾ ਜਿਹੇ ਅਧਿਕਾਰ ਮਿਲਦੇ ਹਨ। ਸਾਡੇ ਮਹਾਨ ਦੇਸ਼ ਵਿੱਚ ਗੋਰਿਆਂ ਦੇ ਦਬਦਬੇ, ਨਸਲਵਾਦ ਅਤੇ ਨਵ-ਨਾਜੀਵਾਦ ਲਈ ਕੋਈ ਥਾਂ ਨਹੀਂ ਹੈ। ਇਵਾਂਕਾ ਨੇ ਕਿਹਾ ਕਿ ਨਫ਼ਰਤ, ਨਸਲਵਾਦ ਅਤੇ ਹਿੰਸਾ ਨਾਲ ਇੱਕ-ਦੂਜੇ ਨੂੰ ਨੁਕਸਾਨ ਪਹੁੰਚਾਉਣ ਦੀ ਬਜਾਏ, ਸਾਨੂੰ ਇੱਕ-ਦੂਜੇ ਦੀ ਮਦਦ ਕਰਨੀ ਚਾਹੀਦੀ ਹੈ।

ਇਵਾਂਕਾ ਨੇ ਕਿਹਾ ਕਿ ਅਸੀਂ ਆਪਣੇ ਭਾਈਚਾਰਿਆਂ ਨੂੰ ਮਜ਼ਬੂਤ ਕਰ ਸਕਦੇ ਹਾਂ ਅਤੇ ਹਰ ਅਮਰੀਕੀ ਨੂੰ ਆਪਣੀ ਪੂਰੀ ਸਮਰੱਥਾ ਹਾਸਲ ਕਰਨ ਵਿੱਚ ਮਦਦ ਕਰ ਸਕਦੇ ਹਾਂ। ਦੱਸ ਦੇਈਏ ਕਿ ਇੱਕ ਸਾਲ ਪਹਿਲਾਂ ਅਮਰੀਕਾ ਦੇ ਵਰਜੀਨੀਆ ਵਿੱਚ ਗੋਰੇ ਰਾਸ਼ਟਰਵਾਦੀਆਂ ਦੀ ਰੈਲੀ ਤੇ ਵਿਰੋਧੀ ਪ੍ਰਦਰਸ਼ਨਕਾਰੀਆਂ ਦੀ ਭੀੜ ਉੱਤੇ ਇੱਕ ਸ਼ਖਸ ਨੇ ਤੇਜ਼ ਰਫ਼ਤਾਰ ਕਾਰ ਚੜਾਅ ਦਿੱਤੀ ਸੀ। ਇਸ ਦੌਰਾਨ ਮੌਕੇ ਉੱਤੇ ਹੀ 32 ਸਾਲਾ ਔਰਤ ਨੇ ਦਮ ਤੋੜ ਦਿੱਤਾ ਸੀ, ਜਦਕਿ ਦੋ ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ ਸਨ। ਲੋਕਾਂ ਉੱਤੇ ਕਾਰ ਚੜਾਉਣ ਬਾਅਦ ਚਾਲਕ ਨੇ ਪੂਰੀ ਰਫ਼ਤਾਰ ਵਿੱਚ ਹੀ ਆਪਣੀ ਗੱਡੀ ਪਿੱਛੇ ਵੀ ਕੀਤੀ ਸੀ।        

ਹੋਰ ਖਬਰਾਂ »