ਵਾਲ-ਵਾਲ ਬਚਿਆ 12 ਸਾਲਾ ਲੜਕਾ

ਜਕਾਰਤਾ, 12 ਅਗਸਤ (ਹਮਦਰਦ ਨਿਊਜ਼ ਸਰਵਿਸ) :  ਇੰਡੋਨੇਸ਼ੀਆ ਦੇ ਪੂਰਬੀ ਸੂਬੇ ਪਪੂਆ ਵਿੱਚ ਇੱਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ 8 ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ ਇਸ ਹਾਦਸੇ ਵਿੱਚ ਇੱਕ 12 ਸਾਲਾ ਲੜਕੇ ਦੀ ਜਾਨ ਬਚ ਗਈ। ਸਵਿਸ ਦੇ ਬਣੇ ਇਸ ਪਿਲੈਟਸ ਜਹਾਜ਼ ਦਾ ਸ਼ਨਿੱਚਰਵਾਰ ਨੂੰ ਹਵਾਈ ਆਵਾਜਾਈ ਕੰਟਰੋਲ ਰੂਮ ਨਾਲ ਸੰਪਰਕ ਟੁੱਟ ਗਿਆ ਸੀ। ਜਹਾਜ਼ ਦਾ ਮਲਬਾ ਐਤਵਾਰ ਨੂੰ ਔਕਸੀਬਿਲ ਦੇ ਪਹਾੜੀ ਇਲਾਕੇ ਦੇ ਜੰਗਲਾਂ ਵਿੱਚ ਮਿਲਿਆ।

ਪਾਪੂਆ ਦੇ ਫੌਜੀ ਬੁਲਾਰੇ ਲੈਫ਼ਟੀਨੈਂਟ ਕਰਨਲ ਡੈਕਸ ਸਿਯੰਟੁਰੀ ਨੇ ਦੱਸਿਆ ਕਿ ਇਸ ਹਾਦਸੇ ਵਿੱਚ 8 ਯਾਤਰੀਆਂ ਦੀ ਮੌਤ ਹੋ ਗਈ ਹੈ, ਜਦਕਿ ਇੱਕ ਦੀ ਜਾਨ ਬਚ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਫਿਲਹਾਲ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੌਮੀ ਆਵਾਜਾਈ ਸੁਰੱਖਿਆ ਕਮੇਟੀ ਵੱਲੋਂ ਕੀਤੀ ਜਾਵੇਗੀ। ਦੱਸ ਦੇਈਏ ਕਿ ਨਿੱਜੀ ਚਾਰਟਰ ਕੰਪਨੀ ਡਿਮੋਨਿਮ ਏਅਰ ਦੀ ਮਾਲਕੀ ਵਾਲੇ ਇਸ ਜਹਾਜ਼ ਵਿੱਚ ਸੱਤ ਯਾਤਰੀ ਅਤੇ ਚਾਲਕ ਦਲ ਦੇ 2 ਲੋਕ ਸਵਾਰ ਸਨ। ਜਹਾਜ਼ ਹਾਦਸੇ ਤੋਂ ਪਹਿਲਾਂ ਓਕਾਟੇਮ ਦੇ ਨੇੜੇ ਗ੍ਰਾਮੀਣਾਂ ਨੇ ਜੋਰਦਾਰ ਧਮਾਕੇ ਦੀ ਆਵਾਜ਼ ਸੁਣੀ ਸੀ। ਖੋਜ ਅਤੇ ਬਚਾਅ ਦਲ ਨੂੰ ਹਾਦਸੇ ਵਾਲੀ ਥਾਂ ਪਹੁੰਚਣ ਵਿੱਚ 2 ਘੰਟੇ ਲੱਗੇ। ਸਵੇਰ ਤੱਕ ਲਾਸ਼ਾਂ ਨੂੰ ਲੱਭਣ ਦਾ ਕਾਰਜ ਜਾਰੀ ਰਿਹਾ।

ਦੱਸ ਦੇਈਏ ਕਿ ਆਪਣੇ ਹਜਾਰਾਂ ਟਾਪੂਆਂ ਵਿਚਕਾਰ ਕਨੈਕਟਿਵਿਟੀ ਸਥਾਪਤ ਕਰਨ ਲਈ ਇੰਡੋਨੇਸ਼ੀਆ ਹਵਾਈ ਆਵਾਜਾਈ ਉੱਤੇ ਬਹੁਤ ਨਿਰਭਰ ਹੈ। ਪਰ ਇਸ ਦਾ ਹਵਾਈ ਆਵਾਜਾਈ ਰਿਕਾਰਡ ਕਾਫੀ ਖਰਾਬ ਰਿਹਾ ਹੈ। ਹਾਲ ਦੇ ਸਾਲਾਂ ਵਿੱਚ ਇੰਡੋਨੇਸ਼ੀਆ ਨੂੰ ਕਈ ਘਾਤਕ ਹਵਾਈ ਹਾਦਸਿਆਂ ਦਾ ਸਾਹਮਣਾ ਕਰਨਾ ਪਿਆ ਹੈ। ਪਾਪੂਆ ਪਹੁੰਚਣ ਦਾ ਰਾਹ ਕਾਫੀ ਗੂੰਝਲਦਾਰ ਹੈ। ਪਿਛਲੇ ਸਾਲ ਜੁਲਾਈ ਵਿੱਚ ਪਾਪੂਆ ਸੂਬੇ ਦੇ ਵਾਮੇਨਾ ਦੇ ਨੇੜੇ ਇੱਕ ਜਹਾਜ਼ ਹਾਦਸੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਸੀ। ਉੱਥੇ ਹੀ ਅਗਸਤ 2015 ਵਿੱਚ ਇੱਕ ਯਾਤਰੀ ਜਹਾਜ਼ ਖਰਾਮ ਮੌਸਮ ਕਾਰਨ ਪਾਪੂਆਂ ਵਿੱਚ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ 54 ਲੋਕਾਂ ਦੀ ਮੌਤ ਹੋ ਗਈ ਸੀ।

ਹੋਰ ਖਬਰਾਂ »