ਯੂਐਨ ਦੀ ਨਸਲੀ ਭੇਦਭਾਵ ਵਿਰੋਧੀ ਕਮੇਟੀ ਨੇ ਉਈਗਰ ਮੁਸਲਿਮਾਂ ਨਾਲ ਕੀਤੇ ਜਾ ਰਹੇ ਵਿਹਾਰ ਉੱਤੇ ਜਤਾਈ ਚਿੰਤਾ

ਬਰਲਿਨ, 12 ਅਗਸਤ (ਹਮਦਰਦ ਨਿਊਜ਼ ਸਰਵਿਸ) :  ਅੱਤਵਾਦ ਦੇ ਮਸਲੇ ਉੱਤੇ ਕੌਮਾਂਤਰੀ ਮੰਚਾਂ ਉੱਤੇ ਪਾਕਿਸਤਾਨ ਦਾ ਲਗਾਤਾਰ ਬਚਾਅ ਕਰਨ ਵਾਲੇ ਚੀਨ ਦਾ ਦੋਹਰਾ ਚਰਿੱਤਰ ਸੰਯੁਕਤ ਰਾਸ਼ਟਰ ਦੀਆਂ ਰਿਪੋਰਟਾਂ ਨਾਲ ਉਜਾਗਰ ਹੋ ਗਿਆ ਹੈ। ਇਨ੍ਹਾਂ ਰਿਪੋਰਟਾਂ ਮੁਤਾਬਕ ਚੀਨ ਨੇ 10 ਲੱਖ ਤੋਂ ਵੱਧ ਉਈਗਰ ਮੁਸਲਿਮਾਂ ਨੂੰ ਕਥਿਤ ਤੌਰ ਉੱਤੇ ਕੱਟੜਤਾ ਵਿਰੋਧੀ ਗੁਪਤ ਕੈਂਪਾਂ ਵਿੱਚ ਕੈਦ ਕਰਕੇ ਰੱਖਿਆ ਹੋਇਆ ਹੈ ਅਤੇ 20 ਲੱਖ ਹੋਰਨਾਂ ਨੂੰ ਵਿਚਾਰਧਾਰਾ ਬਦਲਣ ਦਾ ਪਾਠ ਪੜ੍ਹਾਇਆ ਜਾ ਰਿਹਾ ਹੈ।

ਸੰਯੁਕਤ ਰਾਸ਼ਟਰ ਦ ਨਸਲੀ ਭੇਦਭਾਵ ਖਾਤਮਾ ਕਮੇਟੀ ਨੇ ਉਈਗਰ ਮੁਸਲਿਮਾਂ ਨਾਲ ਕੀਤੇ ਜਾ ਰਹੇ ਇਸ ਵਿਹਾਰ ਉੱਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਕਮੇਟੀ ਨੇ ਇਸ ਸਬੰਧ ਵਿੱਚ ਚੀਨ ਦੇ ਹਾਲੀਆ ਸਾਲਾਂ ਵਿੱਚ ਰਿਕਾਰਡ ਦਾ ਅਧਿਐਨ ਕੀਤਾ ਹੈ। ਦੱਸ ਦੇਈਏ ਕਿ ਉਈਗਰ ਮੁਸਲਿਮ ਚੀਨ ਦੇ ਪੱਛਮੀ ਸ਼ਿਨਜਿਆਂਗ ਸੂਬੇ ਵਿੱਚ ਬਹੁਗਿਣਤੀ ਵਿੱਚ ਹਨ ਅਤੇ ਚੀਨ ਨੇ ਇਸ ਸੂਬੇ ਨੂੰ ਖੁਦਮੁਖਤਿਆਰ ਐਲਾਨਿਆ ਹੋਇਆ ਹੈ।

ਸੰਯੁਕਤ ਰਾਸ਼ਟਰ ਦੀ ਇਸ ਕਮੇਟੀ ਨੇ ਸ਼ੁੱਕਰਵਾਰ ਨੂੰ ਜਿਨੇਵਾ ਵਿੱਚ ਚੀਨ ਉੱਤੇ ਰਿਪੋਰਟ ਦੀ ਸਮੀਖਿਆ ਸ਼ੁਰੂ ਕੀਤੀ। ਇਸ ਦੌਰਾਨ ਚੀਨ ਦੇ ਸੰਯੁਕਤ ਰਾਸ਼ਟਰ ਵਿੱਚ ਸਫੀਰ ਯੂ ਜਿਆਨਹੂਆ ਨੇ ਉੱਥੇ ਆਰਥਿਕ ਤਰ4ਕੀ ਅਤੇ ਉੱਚੇ ਉਠਦੇ ਜੀਵਨ ਪੱਧਰ ਦਾ ਜਿਕਰ ਕੀਤਾ। ਪਰ ਕਮੇਟੀ ਦੀ ਉਪ ਪ੍ਰਧਾਨ ਗੇ ਮੈਕਡੋਗਾਲ ਨੇ ਕਿਹਾ ਕਿ ਸਾਨੂੰ ਮਿਲੀਆਂ ਵੱਖ-ਵੱਖ ਅਤੇ ਭਰੋਸੇਯੋਗ ਰਿਪੋਰਟਾਂ ਕਾਰਨ ਕਮੇਟੀ ਦੇ ਮੈਂਬਰ ਬੇਹੱਦ ਚਿੰਤਤ ਹਨ। ਨਿਗਰਾਨੀ ਸਮੂਹਾਂ ਦਾ ਕਹਿਣਾ ਹੈ ਕਿ ਉਈਗਰਾਂ ਨੂੰ ਚੌਕਸੀ ਅਤੇ ਸੁਰੱਖਿਆ ਮੁਹਿੰਮਾਂ ਦੇ ਬਹਾਨੇ ਨਿਸ਼ਾਨਾ ਬਣਾਇਆ ਗਿਆ ਹੈ। ਹਜਾਰਾਂ ਉਈਗਰ ਮੁਸਲਿਮਾਂ ਨੂੰ ਹਿਰਾਸਤ ਵਿੱਚ ਰੱਖਿਆ ਗਿਆ ਹੈ ਅਤੇ ਉਨ੍ਹਾਂ ਨੂੰ ਵਿਚਾਰਧਾਰਾ ਬਦਲਣ ਵਾਲੇ ਕੇਂਦਰਾਂ ਵਿੱਚ ਭੇਜ ਦਿੱਤਾ ਗਿਆ ਹੈ। ਮੈਕਡੋਗਾਲ ਨੇ ਦੱਸਿਆ ਕਿ ਅੰਦਾਜਾ ਹੈ ਕਿ 10 ਲੱਕ ਤੋਂ ਵੱਧ ਲੋਕਾਂ ਨੂੰ ਕੱਟੜਤਾ ਵਿਰੋਧੀ ਕੈਂਪਾਂ ਵਿੱਚ ਕੈਦ ਕਰਕੇ ਰੱਖਿਆ ਗਿਆ ਹੈ ਤੇ 20 ਲੱਖ ਹੋਰਨਾਂ ਨੂੰ ਸਿਆਸੀ ਅਤੇ ਸੱਭਿਆਚਾਰਕ ਵਿਚਾਰਧਾਰਾ ਬਦਲਣ ਵਾਲੇ ਕੈਂਪਾਂ ਵਿੱਚ ਭੇਜਿਆ ਗਿਆ ਹੈ।  

ਹੋਰ ਖਬਰਾਂ »