ਬੈਗ ਵਿੱਚ ਪਾ ਕੇ ਸੜਕ ਕੰਢੇ ਸੁੱਟੀ ਲਾਸ਼

ਇਸਲਾਮਾਬਾਦ, 12 ਅਗਸਤ (ਹਮਦਰਦ ਨਿਊਜ਼ ਸਰਵਿਸ) : ਪਾਕਿਸਤਾਨ ਤੋਂ ਨਿੱਤ ਦਿਨ ਘੱਟਗਿਣਤੀ ਭਾਈਚਾਰੇ ਨਾਲ ਸ਼ੋਸ਼ਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇੱਕ ਤਾਜਾ ਘਟਨਾ ਸਾਹਮਣੀ ਆਈ ਹੈ, ਜਿਸ ਵਿੱਚ ਕੁਝ ਅਣਪਛਾਤੇ ਲੋਕਾਂ ਨੇ ਤਸੀਹੇ ਦੇਣ ਮਗਰੋਂ ਇੱਕ ਹਿੰਦੂ ਔਰਤ ਦਾ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਇੱਕ ਬੈਗ ਵਿੱਚ ਪਾ ਕੇ ਸੜਕ ਕੰਢੇ ਸੁੱਟ ਦਿੱਤੀ। ਇਸ ਉੱਤੇ ਸਥਾਨਕ ਲੋਕਾਂ ਦਾ ਗੁੱਸਾ ਭੜਕ ਗਿਆ ਅਤੇ ਉਹ ਸੜਕਾਂ ਉੱਤੇ ਉਤਰ ਆਏ।

ਜਾਣਕਾਰੀ ਮੁਤਾਬਕ ਜਿਵੇਂ ਹੀ ਸਥਾਨਕ ਲੋਕਾਂ ਨੂੰ ਘਟਨਾ ਦੇ ਸਬੰਧ ਵਿੱਚ ਪਤਾ ਲੱਗਾ ਤਾਂ ਲੋਕ ਸੜਕਾਂ ਉੱਤੇ ਉਤਰ ਆਏ ਅਤੇ ਟ੍ਰੈਫਿਕ ਰੋਕ ਦਿੱਤਾ। ਇਸ ਤੋਂ ਬਾਦ ਲੋਕਾਂ ਨੇ ਔਰਤ ਦੀ ਮੌਤ ਦੇ ਵਿਰੋਧ ਵਿੱਚ ਸਥਾਨਕ ਪ੍ਰਸ਼ਾਸਨ ਵਿਰੁੱਧ ਨਾਅਰੇਬਾਜੀ ਕੀਤੀ। ਇਸ ਉੱਤੇ ਪੁਲਿਸ ਨੇ ਭੀੜ ਨੂੰ ਲਾਠੀਚਾਰਜ ਕਰਕੇ ਖਦੇੜ ਦਿੱਤਾ। ਫਿਲਹਾਲ ਪੁਲਿਸ ਔਰਤ ਦੇ ਕਤਲ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਮ੍ਰਿਤਕ ਔਰਤ ਮੇਵੀ ਭਾਗਰੀ ਦੇ ਭਰਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਇਲਾਕੇ ਦੇ ਕੁਝ ਪ੍ਰਭਾਵਸ਼ਾਲੀ ਲੋਕਾਂ ਨੇ ਉਸ ਦੀ ਭੈਣ ਦਾ ਬਿਨਾ ਕਿਸੇ ਕਾਰਨ ਕਤਲ ਕਰ ਦਿੱਤਾ। ਮ੍ਰਿਤਕ ਔਰਤ ਦੇ ਭਰਾ ਦੀ ਸ਼ਿਕਾਇਤ ਉੱਤੇ ਪੁਲਿਸ ਨੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਦੱਸ ਦੇਈਏ ਕਿ ਪਾਕਿਸਤਾਨ ਵਿੱਚ ਨਿੱਤ ਦਿਨ ਹਿੰਦੂਆਂ ਸਮੇਤ ਕਈ ਘੱਟਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਬੀਤੇ ਮਈ ਮਹੀਨੇ ਵਿੱਚ ਵੀ ਬਲੂਚਿਸਤਾਨ ਸੂਬੇ ਵਿੱਚ ਇੱਕ ਹਿੰਦੂ ਵਪਾਰੀ ਅਤੇ ਉਸ ਦੇ ਪੁੱਤਰ ਦਾ ਅਣਪਛਾਤੇ ਲੋਕਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਬਲੂਚਿਸਤਾਨ ਸੂਬੇ ਵਿੱਚ ਜਾਰੀ ਅਸ਼ਾਂਤ ਮਾਹੌਲ ਕਾਰਨ ਉੱਥੇ ਰਹਿ ਰਹੇ ਵਪਾਰੀ ਭਾਈਚਾਰੇ ਵਿੱਚ ਭੈਅ ਦਾ ਮਾਹੌਲ ਹੈ, ਖਾਸਕਰ ਘੱਟਗਿਣਤੀਆਂ ਵਿੱਚ ਉੱਥੇ ਕਾਫੀ ਡਰ ਦਾ ਮਾਹੌਲ ਹੈ।   

ਹੋਰ ਖਬਰਾਂ »